ਨਵੀਂ ਦਿੱਲੀ, 24 ਨਵੰਬਰ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜਲ ਸੈਨਾ ਦੇ ਸਾਜ਼ੋ-ਸਾਮਾਨ ਦੀ ਖਰੀਦ ਅਤੇ ਸੰਭਾਲ ਨਾਲ ਸਬੰਧਤ ਗੁਪਤ ਜਾਣਕਾਰੀਆਂ ਲੀਕ ਕਰਨ ਦੇ ਦੋਸ਼ ਵਿੱਚ ਸਤੰਬਰ ਵਿੱਚ ਗ੍ਰਿਫਤਾਰ ਕੀਤੇ ਗਏ ਜਲ ਸੈਨਾ ਕਮਾਂਡਰ ਜਗਦੀਸ਼ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੇ ਮੁਲਜ਼ਮਾਂ ਖ਼ਿਲਾਫ਼ ਦੋ ਚਾਰਜਸ਼ੀਟਾਂ ਪਹਿਲਾਂ ਹੀ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ ਪਰ ਕਮਾਂਡਰ ਜਗਦੀਸ਼ ਖ਼ਿਲਾਫ਼ ਜਾਂਚ ਚੱਲ ਰਹੀ ਸੀ। ਸੋਮਵਾਰ ਨੂੰ ਸੀਬੀਆਈ ਨੇ ਉਸ ਦੇ ਖ਼ਿਲਾਫ਼ ਚਾਰਜਸ਼ੀਟ ਵੀ ਦਾਖਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੇਵਾਮੁਕਤ ਅਧਿਕਾਰੀ ਕਮੋਡੋਰ ਰਣਦੀਪ ਸਿੰਘ ਅਤੇ ਕਮਾਂਡਰ ਐੱਸਜੇ ਸਿੰਘ, ਸੇਵਾਮੁਕਤ ਅਧਿਕਾਰੀ ਕਮਾਂਡਰ ਅਜੀਤ ਪਾਂਡੇ ਅਤੇ ਹੈਦਰਾਬਾਦ ਸਥਿਤ ਐਲਨ ਰੀਨਫੋਰਸਡ ਪਲਾਸਟਿਕ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਸਮੇਤ ਕਈ ਮੁਲਜ਼ਮਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।