ਮੁੰਬਈ, 8 ਮਈ
ਮਹਾਰਾਸ਼ਟਰ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਆਪਣੇ ਖਿਲਾਫ਼ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਰਾਣਾ ਤੇ ਉਸ ਦੇ ਵਿਧਾਇਕ ਪਤੀ ਰਵੀ ਰਾਣਾ ਨੂੰ ਹਨੂੰਮਾਨ ਚਾਲੀਸਾ ਵਿਵਾਦ ਵਿੱਚ ਅਜੇ ਪਿੱਛੇ ਜਿਹੇ ਜ਼ਮਾਨਤ ਮਿਲੀ ਹੈ। ਪੁਲੀਸ ਨੇ ਰਾਣਾ ਦੰਪਤੀ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਮੁੰਬਈ ਦੇ ਲੋਕ ਅਤੇ ਭਗਵਾਨ ਰਾਮ ਨਿਗਮ ਚੋਣਾਂ ਵਿੱਚ ਸ਼ਿਵ ਸੈਨਾ ਨੂੰ ਸਬਕ ਸਿਖਾਉਣਗੇ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ, ਜੋ ਨਵੰਬਰ 2019 ਵਿੱਚ ਐੱਨਸੀਪੀ ਤੇ ਕਾਂਗਰਸ ਨਾਲ ਗੱਠਜੋੜ ਕਰਨ ਮਗਰੋਂ ਨਵੰਬਰ 2019 ਵਿੱਚ ਮੁੱਖ ਮੰਤਰੀ ਬਣੇ ਸਨ, ਨੇ ਮਈ 2020 ਵਿੱਚ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਹਲਫ਼ ਲਿਆ ਸੀ। ਠਾਕਰੇ ਇਸ ਤੋਂ ਪਹਿਲਾਂ ਕਦੇ ਵੀ ਸੂਬਾਈ ਅਸੈਂਬਲੀ ਦੇ ਮੈਂਬਰ ਨਹੀਂ ਰਹੇ।
ਮੁੰਬਈ ਦੀ ਵਿਸ਼ੇਸ਼ ਕੋਰਟ ਨੇ ਰਾਣਾ ਦੰਪਤੀ ਨੂੰ 4 ਮਈ ਨੂੰ ਜ਼ਮਾਨਤ ਦਿੱਤੀ ਸੀ। ਦੋਵੇਂ 5 ਮਈ ਨੂੰ ਜੇਲ੍ਹ ’ਚੋਂ ਬਾਹਰ ਆਏ ਸਨ, ਜਿਸ ਮਗਰੋਂ ਨਵਨੀਤ ਰਾਣਾ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਰਾਣਾ ਦੇ ਵਕੀਲ ਮੁਤਾਬਕ ਉਨ੍ਹਾਂ ਦੀ ਮੁਵੱਕਿਲ ਨੇ ਹਾਈ ਬਲੱਡ ਪ੍ਰੈੱਸ਼ਰ ਤੇ ਸਿਹਤ ਨਾਲ ਜੁੜੇ ਹੋਰ ਵਿਗਾੜਾਂ ਦੀ ਸ਼ਿਕਾਇਤ ਕੀਤੀ ਸੀ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਨਵਨੀਤ ਰਾਣਾ ਨੇ ਕਿਹਾ, ‘‘ਮੈਂ ਊਧਵ ਠਾਕਰੇ ਜੀ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਕੋਈ ਵੀ ਹਲਕਾ ਚੁਣ ਲੈਣ ਤੇ ਸਿੱਧੇ ਉਥੋਂ ਚੁਣ ਕੇ ਆਉਣ। ਮੈਂ ਉਨ੍ਹਾਂ ਖਿਲਾਫ਼ ਚੋਣ ਲੜਾਂਗੀ। ਮੈਂ ਪੂਰੀ ਇਮਾਨਦਾਰੀ ਨਾਲ ਸਖ਼ਤ ਮਿਹਨਤ ਕਰਾਂਗੀ ਤੇ ਚੋਣ ਜਿੱਤਾਂਗੀ। ਤੇ ਉਨ੍ਹਾਂ (ਮੁੱਖ ਮੰਤਰੀ) ਨੂੰ ਲੋਕਾਂ ਦੀ ਤਾਕਤ ਦਾ ਪਤਾ ਲੱਗੇਗਾ।’’ ਸੰਸਦ ਮੈਂਬਰ ਨੇ ਕਿਹਾ, ‘‘ਮੈਂ ਕੀ ਅਪਰਾਧ ਕੀਤਾ ਸੀ, ਜਿਸ ਲਈ ਮੈਨੂੰ 14 ਦਿਨ ਜੇਲ੍ਹ ’ਚ ਰੱਖਿਆ ਗਿਆ? ਤੁਸੀਂ ਮੈਨੂੰ 14 ਸਾਲ ਲਈ ਜੇਲ੍ਹ ਵਿੱਚ ਰੱਖ ਸਕਦੇ ਹੋ, ਪਰ ਮੈਂ ਭਗਵਾਨ ਰਾਮ ਤੇ ਹਨੂਮਾਨ ਦਾ ਜਾਪ ਕਰਨਾ ਨਹੀਂ ਛੱਡਾਂਗੀ। ਮੁੰਬਈਕਰ (ਮੁੰਬਈ ਦੇ ਲੋਕ) ਤੇ ਭਗਵਾਨ ਰਾਮ ਨਿਗਮ ਚੋਣਾਂ ਵਿੱਚ ਸ਼ਿਵ ਸੈਨਾ ਨੂੰ ਸਬਕ ਸਿਖਾਉਣਗੇ।’’ -ਪੀਟੀਆਈ
ਹਿਟਲਰ ਦੀ ਪ੍ਰਸ਼ੰਸਾ ਕਰਨ ਵਾਲੇ ਨੂੰ ਹੁਣ ਦੇਸ਼ਧ੍ਰੋਹੀ ਨਹੀਂ ਮੰਨਿਆ ਜਾ ਸਕਦੈ: ਰਾਊਤ
ਮੁੰਬਈ: ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨ ਤਾਨਾਸ਼ਾਹ ‘ਅਡੋਲਫ ਹਿਟਲਰ’ ਨੂੰ ਕਾਫ਼ੀ ਮੰਨਦੇ ਹਨ ਤੇ ਉਹ ਵੀ ‘ਕਈ ਤਰ੍ਹਾਂ ਦੇ ਸਮਾਗਮ ਕਰਦਾ ਰਹਿੰਦਾ ਸੀ’। ਰਾਊਤ ਨੇ ਵਿਅੰਗ ਕੀਤਾ ਕਿ ਹੁਣ ਜੇ ਕੋਈ ਹਿਟਲਰ ਦੀ ਪ੍ਰਸ਼ੰਸਾ ਕਰੇ ਤਾਂ ਇਸ ਨੂੰ ਦੇਸ਼ਧ੍ਰੋਹ ਨਹੀਂ ਮੰਨਿਆ ਜਾ ਸਕਦਾ। ਸ਼ਿਵ ਸੈਨਾ ਦੇ ਇਕ ਸਮਾਗਮ ਵਿਚ ਰਾਊਤ ਨੇ ਨਾਲ ਹੀ ਕਿ ਉਨ੍ਹਾਂ ਦੀ ਪਾਰਟੀ ਦੇ ਸੰਸਥਾਪਕ ਬਾਲ ਠਾਕਰੇ ਵੀ ਹਿਟਲਰ ਨੂੰ ਮੰਨਦੇ ਸਨ ਜੋ ਕਿ ਆਪਣੇ ਸਮੇਂ ਦਾ ਪ੍ਰਸਿੱਧ ਆਗੂ ਸੀ। ਹਾਲਾਂਕਿ ਸ਼ਿਵ ਸੈਨਾ ਆਗੂ ਨੇ ਨਾਲ ਹੀ ਕਿਹਾ ਕਿ ਉਹ ਮੋਦੀ ਦੀ ਨਿਖੇਧੀ ਨਹੀਂ ਕਰ ਰਹੇ ਹਨ। ਉਨ੍ਹਾਂ ਐਮਐੱਨਐੱਸ ਮੁਖੀ ਰਾਜ ਠਾਕਰੇ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਗਵਾਨ ਰਾਮ ‘ਉਨ੍ਹਾਂ ਨੂੰ ਆਸ਼ੀਰਵਾਦ ਨਹੀਂ ਦਿੰਦੇ ਜੋ ਨਕਲੀ ਜਜ਼ਬਾਤਾਂ ਨਾਲ ਸਿਆਸੀ ਕਾਰਨਾਂ ਕਰ ਕੇ ਉਨ੍ਹਾਂ ਕੋਲ ਆਉਂਦੇ ਹਨ।’ ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਮੰਤਰੀ ਤੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਨੇ ਵੀ ਕਿਹਾ ਹੈ ਕਿ ਉਹ ਅਯੁੱਧਿਆ ਦਾ ਦੌਰਾ ਕਰਨਗੇ। ਰਾਊਤ ਨੇ ਕਿਹਾ ਕਿ ਆਦਿੱਤਿਆ ਦਾ ਅਯੁੱਧਿਆ ਦੌਰਾ 10 ਜੂਨ ਦੇ ਨੇੜੇ ਹੋਵੇਗਾ। ਉਨ੍ਹਾਂ ਨਾਲ ਮਹਾਰਾਸ਼ਟਰ ਤੇ ਪੂਰੇ ਦੇਸ਼ ਵਿਚੋਂ ਸ਼ਿਵ ਸੈਨਿਕ ਅਯੁੱਧਿਆ ਜਾਣਗੇ। ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਰਾਜ ਠਾਕਰੇ ਦੇ ਅਯੁੱਧਿਆ ਦੌਰੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਠਾਕਰੇ ਨੂੰ ਉਦੋਂ ਤੱਕ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਜਦ ਤੱਕ ਉਹ ਉੱਤਰ ਭਾਰਤੀਆਂ ਨੂੰ ਜ਼ਲੀਲ ਕਰਨ ਦੀ ਮੁਆਫ਼ੀ ਨਹੀਂ ਮੰਗਦੇ। -ਪੀਟੀਆਈ