ਮੁੰਬਈ, 25 ਅਪਰੈਲ
ਬੰਬੇ ਹਾਈ ਕੋਰਟ ਨੇ ਹਨੂੰਮਾਨ ਚਾਲੀਸਾ ਵਿਵਾਦ ਵਿੱਚ ਗ੍ਰਿਫ਼ਤਾਰ ਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਵੱਲੋਂ ਐੱਫਆਈਆਰ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਰਾਣਾ ਜੋੜੇ ਨੇ ਆਪਣੇ ਖ਼ਿਲਾਫ਼ ਧਾਰਾ 353 ਤਹਿਤ ਦਰਜ ਦੋ ਐੱਫਆਈਆਰਜ਼ ਵਿੱਚੋਂ ਇੱਕ ਐੱਫਆਈਆਰ ਰੱਦ ਕਰਵਾਉਣ ਲਈ ਬੰਬੇ ਹਾਈ ਕੋਰਟ ਕੋਲ ਪਹੁੰਚ ਕੀਤੀ ਸੀ ਪਰ ਅਦਾਲਤ ਨੇ ਸੋਮਵਾਰ ਨੂੰ ਐੱਫਆਈਆਰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਣਾ ਜੋੜੇ ਨੂੰ ਹਨੂੰਮਾਨ ਚਾਲੀਸਾ ਦੇ ਪਾਠ ਸਬੰਧੀ ਵਿਵਾਦ ਨੂੰ ਲੈ ਕੇ ਵੱਖ-ਵੱਖ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਜਸਟਿਸ ਪੀ.ਬੀ. ਵਰਾਲੇ ਤੇ ਜਸਟਿਸ ਐੱਸ.ਐੱਮ. ਮੋਦਕ ਦੇ ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਪਟੀਸ਼ਨ ਵਿੱਚ ਕੋਈ ਦਮ ਨਹੀਂ ਹੈ।
ਨਵੀਂ ਦਿੱਲੀ: ਇਸੇ ਦੌਰਾਨ ਲੋਕ ਸਭਾ ਸਕੱਤਰੇਤ ਨੇ ਗ੍ਰਿਫ਼ਤਾਰ ਕੀਤੀ ਗਈ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਵੱਲੋਂ ਪੁਲੀਸ ’ਤੇ ਲਾਏ ਗਏ ਦੋਸ਼ਾਂ ਮਗਰੋਂ ਸੋਮਵਾਰ ਨੂੰ ਮਹਾਰਾਸ਼ਟਰ ਸਰਕਾਰ ਤੋਂ 24 ਘੰਟਿਆਂ ਅੰਦਰ ਤਫ਼ਸੀਲ ਵਿੱਚ ਜਾਣਕਾਰੀ ਮੰਗੀ ਹੈ। ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਵਿਧਾਇਕ ਰਵੀ ਰਾਣਾ ਨੂੰ ਸ਼ਨਿਚਰਵਾਰ ਨੂੰ ਮੁੰਬਈ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ ਅੱਗੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਸਬੰਧੀ ਅਪੀਲ ਕਰਨ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਨਵਨੀਤ ਰਾਣਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੁੰਬਈ ਪੁਲੀਸ ਵੱਲੋਂ ਕੀਤੀ ਗਈ ਉਨ੍ਹਾਂ ਦੀ ਗ੍ਰਿਫ਼ਤਾਰੀ ਗ਼ੈਰਕਾਨੂੰਨੀ ਹੈ। ਉਨ੍ਹਾਂ ਨੇ ਪੁਲੀਸ ਹਿਰਾਸਤ ਵਿੱਚ ‘ਅਣਮਨੁੱਖੀ ਵਤੀਰੇ’ ਦਾ ਦੋਸ਼ ਵੀ ਲਾਇਆ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੇ ਪੱਤਰ ਦੇ ਜਵਾਬ ਵਿੱਚ ਲੋਕ ਸਭ ਸਕੱਤਰੇਤ ਨੇ ਮਹਾਰਾਸ਼ਟਰ ਸਰਕਾਰ ਨੂੰ ਪੱਤਰ ਲਿਖ ਕੇ ਸੂਬਾ ਪੁਲੀਸ ਖ਼ਿਲਾਫ਼ ਉਨ੍ਹਾਂ (ਨਵਨੀਤ ਰਾਣਾ) ਵੱਲੋਂ ਲਾਏ ਦੋਸ਼ਾਂ ਅਤੇ ਗ੍ਰਿਫ਼ਤਾਰੀ ਸਬੰਧੀ 24 ਘੰਟਿਆਂ ਵਿੱਚ ਤਫ਼ਸੀਲ ਰਿਪੋਰਟ ਮੰਗੀ ਹੈ। -ਪੀਟੀਆਈ