ਨਵੀਂ ਦਿੱਲੀ: ਅਦਾਲਤ ਨੇ ਆਕਸੀਜਨ ਕੰਸਨਟਰੇਟਰਾਂ ਦੀ ਕਥਿਤ ਕਾਲਾਬਾਜ਼ਾਰੀ ਮਾਮਲੇ ’ਚ ਗ੍ਰਿਫ਼ਤਾਰ ਕਾਰੋਬਾਰੀ ਨਵਨੀਤ ਕਾਲੜਾ ਤੋਂ ਹਿਰਾਸਤੀ ਪੁੱਛ-ਪੜਤਾਲ ਕਰਨ ਲਈ ਦਿੱਲੀ ਪੁਲੀਸ ਵੱਲੋਂ ਪੰਜ ਦਿਨ ਦਾ ਹੋਰ ਰਿਮਾਂਡ ਮੰਗਣ ਸਬੰਧੀ ਅਪੀਲ ਖਾਰਜ ਕਰ ਦਿੱਤੀ ਹੈ। ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਕਾਲੜਾ ਨੂੰ ਤਿੰਨ ਰੋਜ਼ਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਸਾਕੇਤ ਅਦਾਲਤ ’ਚ ਪੇਸ਼ ਕੀਤਾ ਸੀ। ਅਦਾਲਤ ਨੇ ਪੁਲੀਸ ਦੀ ਅਰਜ਼ੀ ਖਾਰਜ ਕਰਦਿਆਂ ਮੁਲਜ਼ਮ ਨੂੰ 14 ਦਿਨ ਲਈ ਜੁਡੀਸ਼ਲ ਹਿਰਾਸਤ ’ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਾਰੇ ਗਏ ਛਾਪਿਆਂ ਦੌਰਾਨ ਕਾਲੜਾ ਦੇ ਤਿੰਨ ਰੇਸਤਰਾਵਾਂ ’ਚ 524 ਆਕਸੀਜਨ ਕੰਸਨਟਰੇਟਰ ਜ਼ਬਤ ਕੀਤੇ ਗਏ ਸਨ। -ਪੀਟੀਆਈ