ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੀ ਸਾਕੇਤ ਅਦਾਲਤ ਨੇ ਆਕਸੀਜਨ ਕੰਸਨਟਰੇਟਰਾਂ ਦੀ ਜਖ਼ੀਰੇਬਾਜ਼ੀ ਕਰਨ ਤੇ ਮਹਿੰਗੇ ਭਾਅ ਵੇਚਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਰੋਬਾਰੀ ਨਵਨੀਤ ਕਾਲੜਾ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਮਾਮਲਾ 11 ਮਈ ਨੂੰ ਸੁਣਿਆ ਜਾਵੇਗਾ। ਨਵਨੀਤ ਕਾਲੜਾ ਆਪਣੇ ਰੇਸਤਰਾਂ ’ਚੋਂ 524 ਆਕਸੀਜਨ ਕੰਸਨਟਰੇਟਰ ਬਰਾਮਦ ਹੋਣ ਮਗਰੋਂ ਫ਼ਰਾਰ ਚੱਲ ਰਿਹਾ ਹੈ ਤੇ ਉਸ ਨੇ ਆਪਣੇ ਵਕੀਲ ਰਾਹੀਂ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ। ਦਿੱਲੀ ਪੁਲੀਸ ਨੇ ਕੇਸ ਦਰਜ ਕਰਕੇ ਇੱਕ ਮੈਨੇਜਰ ਤੇ 3 ਹੋਰ ਰੇਸਤਰਾਂ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਆਕਸੀਜਨ ਕੰਸਨਟਰੇਟਰ ਨਵਨੀਤ ਕਾਲੜਾ ਦੇ ਮਸ਼ਹੂਰ ਖ਼ਾਨ ਮਾਰਕੀਟ ਦੇ ਖ਼ਾਨ ਚਾਚਾ ਰੇਸਤਰਾਂ ਤੇ ਟਾਊਨ ਹਾਲ ਵਿੱਚੋਂ ਅਤੇ ਕਾਲੜਾ ਦੇ ਫਾਰਮ ਹਾਊਸ ਤੋਂ ਬਰਾਮਦ ਕੀਤੇ ਗਏ ਸਨ। ਦਿੱਲੀ ਪੁਲੀਸ ਨੇ ਸਵੇਰੇ ਕਾਲੜਾ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ ਜੋ 7 ਮਈ ਤੋਂ ਫ਼ਰਾਰ ਚੱਲ ਰਿਹਾ ਹੈ। ਦੱਸਿਆ ਗਿਆ ਹੈ ਕਿ ਉਸ ਦਾ ਪਰਿਵਾਰ ਵੀ ਰੂਪੋਸ਼ ਹੋ ਚੁੱਕਾ ਹੈ। ਇਸ ਮਾਮਲੇ ’ਚ ਦਿੱਲੀ ਪੁਲੀਸ ਨੇ ਗੁਰੂਗ੍ਰਾਮ ਦੇ ਓਰਚਿਡ ਅਪਾਰਮੈਂਟਸ, ਸੈਕਟਰ-54 ਤੋਂ ਗੌਰਵ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਵਿਦੇਸ਼ਾਂ ਤੋਂ ਸਾਜ਼ੋ-ਸਾਮਾਨ ਖਰੀਦਦਾ ਹੈ। ਕਾਲੜਾ ਦੇ ਨੈਗੇ-ਯੂ, ਖ਼ਾਨ ਚਾਚਾ ਤੇ ਟਾਊਨ ਹਾਲ ਰੇਸਤਰਾਂ ਤੋਂ ਉਪਰੋਕਤ ਆਕਸੀਜਨ ਕੰਸਨਟਰੇਟਰ ਬਰਾਮਦ ਕੀਤੇ ਸਨ ਜੋ 70-70 ਹਜ਼ਾਰ ਰੁਪਏ ਵਿੱਚ ਵੇਚੇ ਜਾਣੇ ਸਨ।