ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਦਿੱਲੀ ਦੀ ਇੱਕ ਅਦਾਲਤ ਵੱਲੋਂ ‘ਖ਼ਾਨ ਚਾਚਾ’ ਸਣੇ ਹੋਰ ਚੋਟੀ ਦੇ ਰੇਸਤਰਾਂ ਵਿੱਚੋਂ ਕੋਵਿਡ-19 ਮਰੀਜ਼ਾਂ ਲਈ ਵਰਤੇ ਜਾਂਦੇ ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਕਰਨ ਦੇ ਕਥਿਤ ਦੋਸ਼ਾਂ ਹੇਠ ਗ੍ਰਿਫ਼ਤਾਰ ਕਾਰੋਬਾਰੀ ਨਵਨੀਤ ਕਾਲੜਾ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਵਧੀਕ ਸੈਸ਼ਨ ਜੱਜ ਸੰਦੀਪ ਗਰਗ ਨੇ ਕਿਹਾ ਕਿ ਅਰਜ਼ੀ ਖਾਰਜ ਕੀਤੀ ਜਾਂਦੀ ਹੈ। ਨਵਨੀਤ ਕਾਲੜਾ ਗ੍ਰਿਫ਼ਤਾਰੀ ਦੇ ਡਰੋਂ ਇਸ ਹਫ਼ਤੇ ਦੇ ਸ਼ੁਰੂ ’ਚ ਜ਼ਮਾਨਤ ਲੈਣ ਅਦਾਲਤ ਗਿਆ ਸੀ। ਦਿੱਲੀ ਪੁਲੀਸ ਵੱਲੋਂ ਉਸ ਦੀ ਮਾਲਕੀ ਵਾਲੇ 3 ਰੇਸਤਰਾਂ ਵਿੱਚੋਂ 524 ਕੰਸਨਟਰੇਟਰ ਬਰਾਮਦ ਕੀਤੇ ਗਏ ਸਨ, ਜੋ ਅੱਗੇ ਕਰੋਨਾ ਪੀੜਤਾਂ ਨੂੰ 70-70 ਹਜ਼ਾਰ ਵਿੱਚ ਵੇਚੇ ਜਾ ਰਹੇ ਸਨ। ਬੀਤੇ ਦਿਨ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਜ਼ਮਾਨਤ ਅਰਜ਼ੀ ਰੱਦ ਕਰਨ ਦਾ ਹੁਕਮ ਸੁਣਾ ਦਿੱਤਾ। ਸਰਕਾਰੀ ਵਕੀਲ ਅਤੁੱਲ ਸ੍ਰੀ ਵਾਸਤਵ ਨੇ ਅਰਜ਼ੀ ਦਾ ਵਿਰੋਧ ਕੀਤਾ ਸੀ ਤੇ ਕਿਹਾ ਕਿ ਕਾਲੜਾ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਜ਼ਰੂਰੀ ਹੈ। ਸਰਕਾਰੀ ਵਕੀਲ ਮੁਤਾਬਕ ਕਾਲੜਾ ਦਾ ਇਰਾਦਾ ਲੋਕਾਂ ਨੂੰ ਧੋਖਾ ਦੇਣਾ ਤੇ ਗ਼ਲਤ ਤਰੀਕੇ ਨਾਲ ਫਾਇਦਾ ਚੁੱਕਣਾ ਸੀ। ਸਰਕਾਰੀ ਵਕੀਲ ਨੇ ਇਕ ਪ੍ਰਯੋਗਸ਼ਾਲਾ ਦੀ ਰਿਪੋਰਟ ਦੇ ਆਧਾਰ ’ਤੇ ਕਿਹਾ ਕਿ ਜ਼ਬਤ ਕੀਤੇ ਗਏ ਕੰਸਨਟਰੇਟਰ ਕੰਮ ਨਹੀਂ ਕਰ ਰਹੇ ਤੇ ਉਨ੍ਹਾਂ ਦੀ ਗੁਣਵਤਾ ਮਾੜੀ ਅਤੇ ਕੰਮ ਦੀ ਸਮਰੱਥਾ ਵੀ ਸਿਰਫ਼ 20.8 ਫ਼ੀਸਦ ਹੀ ਹੈ।