ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਮਈ
ਦਿੱਲੀ ਦੇ ਕਾਰੋਬਾਰੀ ਨਵਨੀਤ ਕਾਲੜਾ ਨੂੰ ਪੁਲੀਸ ਨੇ ਐਤਵਾਰ ਰਾਤ ਆਕਸੀਜਨ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਕਾਲੜਾ ਖ਼ਿਲਾਫ਼ ਕੋਵਿਡ-19 ਮਹਾਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਅਹਿਮ ਉਪਕਰਨ ਆਕਸੀਜਨ ਕੰਸਨਟਰੇਟਰ ਦੀ ਕਾਲਾਬਾਜ਼ਾਰੀ ਤੇ ਜ਼ਖੀਰੇਬਾਜ਼ੀ ਕਰਨ ਦੇ ਦੋਸ਼ਾਂ ਹੇਠ ਖ਼ਾਨ ਮਾਰਕੀਟ ਥਾਣਾ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਅਹਿਮੀਅਤ ਸਮਝਦੇ ਹੋਏ ਦਿੱਲੀ ਅਪਰਾਧ ਸ਼ਾਖਾ ਨੂੰ ਇਹ ਕੇਸ ਤਬਦੀਲ ਕਰ ਦਿੱਤਾ ਗਿਆ ਸੀ। ਦਿੱਲੀ ਪੁਲੀਸ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਕਾਲੜਾ ਦਾ 5 ਦਿਨਾਂ ਦਾ ਪੁਲੀਸ ਰਿਮਾਂਡ ਮੰਗਿਆ ਗਿਆ ਤਾਂ ਜੋ ਉਸ ਦੇ ਸੰਪਰਕਾਂ ਆਦਿ ਦਾ ਪਤਾ ਲਾਇਆ ਜਾ ਸਕੇ। ਅਦਾਲਤ ਨੇ ਕਾਲੜਾ ਨੂੰ ਤਿੰਨ ਦਿਨਾਂ ਲਈ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ। ਹੁਣ ਉਸ ਨੂੰ 20 ਮਈ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਾਲੜਾ ਦੀ ਮਾਲਕੀ ਵਾਲੇ ਰੈਸਤਰਾਂ ਖ਼ਾਨ ਮਾਰਕੀਟ ਸਥਿਤ ‘ਖ਼ਾਨ ਚਾਚਾ’, ‘ਨੇਗੇ ਯੂ’ ਤੇ ‘ਟਾਊਨ ਹਾਲ’ ਵਿੱਚੋਂ ਵੱਖ-ਵੱਖ ਛਾਪਿਆਂ ਦੌਰਾਨ 524 ਆਕਸੀਜਨ ਕੰਸਨਟਰੇਟਰ ਬਰਾਮਦ ਕੀਤੇ ਗਏ ਸਨ। ਉਸ ਨੇ ਇਹ ਕੰਸਨਟਰੇਟਰ ਗੁਰੂਗ੍ਰਾਮ ਦੀ ਕੰਪਨੀ ਰਾਹੀਂ ਚੀਨ ਤੋਂ ਦਰਾਮਦ ਕੀਤੇ ਸਨ ਜੋ ਅੱਗੇ 70-70 ਹਜ਼ਾਰ ਰੁਪਏ ਨੂੰ ਵੇਚੇ ਜਾਣੇ ਸਨ, ਹਾਲਾਂਕਿ ਮੁੱਢਲੀ ਕੀਮਤ 16 ਤੋਂ 20 ਹਜ਼ਾਰ ਹੀ ਸੀ। ਲੰਘੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਕਾਲੜਾ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਸ ਦੇ ਵਕੀਲਾਂ ਨੇ ਸੈਸ਼ਨ ਕੋਰਟ ਅੱਗੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ ਪਰ ਅਦਾਲਤ ਨੇ ਜ਼ਮਾਨਤ ਤੋਂ ਮਨ੍ਹਾਂ ਕਰ ਦਿੱਤਾ ਸੀ।