ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਸਤੰਬਰ
ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਬੇਤੁਕੀ ਟਿੱਪਣੀਆਂ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਜਾਪਦੀ ਹੈ। ਰਾਘਵ ਚੱਢਾ ਨੇ ਸਿੱਧੂ ਨੂੰ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਦੱਸਿਆ ਹੈ।
ਰਾਘਵ ਨੇ ਕਿਹਾ ਕਿ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੇਤੁਕੀ ਬਿਆਨਬਾਜ਼ੀ ਲਈ ਫਟਕਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਕੁਝ ਦਿਨਾਂ ਬਾਅਦ ਦੁਬਾਰਾ ਕੈਪਟਨ ਅਮਰਿੰਦਰ ਵਿਰੁੱਧ ਬਿਆਨਬਾਜ਼ੀ ਕਰਦੇ ਹਨ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਝੂਠਾ ਦਾਅਵਾ ਕੀਤਾ ਸੀ ਕਿ ਦਿੱਲੀ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨ ਨੋਟੀਫਾਈ ਕੀਤੇ ਸੀ। ਉਨ੍ਹਾਂ ਟਵਿੱਟਰ ’ਤੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਗਲਤ ਜਾਣਕਾਰੀ ਫੈ਼ਲਾਉਣ ਲਈ ਨਵਜੋਤ ਸਿੰਘ ਸਿੱਧੂ ਦੀ ਨਿੰਦਾ ਵੀ ਕੀਤੀ। ਵਿਧਾਇਕ ਨੇ ਟਵਿੱਟਰ ’ਤੇ ਲਿਖਿਆ, ‘ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਸਿੱਧੂ ਨੂੰ ਕੈਪਟਨ ਅਮਰਿੰਦਰ ਵਿਰੁੱਧ ਲਗਾਤਾਰ ਟਿੱਪਣੀ ਕਰਨ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਝਿੜਕਿਆ ਗਿਆ ਹੈ। ਇਸ ਲਈ ਮਾਮੂਲੀ ਤਬਦੀਲੀ ਲਈ ਹੁਣ ਉਹ ਅਰਵਿੰਦ ਕੇਜਰੀਵਾਲ ਖ਼ਿਲਾਫ਼ ਬਿਆਨਬਾਜ਼ੀ ਕਰ ਰਿਹਾ ਹੈ। ਕੁਝ ਦਿਨ ਇੰਤਜ਼ਾਰ ਕਰੋ, ਉਹ ਕੈਪਟਨ ਵਿਰੁੱਧ ਬਿਆਨਬਾਜ਼ੀ ਕਰਨਾ ਸ਼ੁਰੂ ਕਰ ਦੇਵੇਗਾ।’
ਸਿੱਧੂ ਵੱਲੋਂ ਰਾਘਵ ਨੂੰ ਮੋੜਵਾਂ ਜਵਾਬ
ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਰਾਘਵ ਚੱਢਾ ਦੇ ਬਿਆਨ ਦਾ ਮੋੜਵਾਂ ਜਵਾਬ ਦਿੱਤਾ ਹੈ। ਸਿੱਧੂ ਨੇ ਟਵੀਟ ਕਰਕੇ ਰਾਘਵ ਚੱਢਾ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ ‘ਆਦਮੀ ਬਾਂਦਰਾ ਤੋਂ ਅੱਗੇ ਵਿਕਸਿਤ ਹੋਇਆ ਹੈ, ਪਰ ਤੁਸੀਂ (ਰਾਘਵ ਚੱਢਾ) ਅਜੇ ਵੀ ਹੇਠਾਂ ਹੀ ਆ ਰਹੇ ਹੋ। ਤੁਸੀਂ ਹਾਲੇ ਵੀ ਖੇਤੀ ਕਾਨੂੰਨਾਂ ਬਾਰੇ ਮੇਰੇ ਸਵਾਲ ਦਾ ਆਪਣੀ ਸਰਕਾਰ ਵੱਲੋਂ ਜਵਾਬ ਨਹੀਂ ਦਿੱਤਾ ਹੈ।’