ਕੋਲਕਾਤਾ, 19 ਮਾਰਚ
ਇਥੇ ਅਲੀਪੁਰ ਚਿੜ੍ਹੀਆਘਰ ਵਿੱਚ ਸ਼ੇਰ ਦੇ ਪਿੰਜਰੇ ’ਚ ਦਾਖ਼ਲ ਵਿਅਕਤੀ ਨੂੰ ਸ਼ੇਰ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਅਣਪਛਾਤਾ ਵਿਅਕਤੀ ਐੱਸਐੱਸਕੇਐੱਮ ਹਸਪਤਾਲ ’ਚ ਜ਼ੇਰੇ ਇਲਾਜ ਹੈ, ਜਿੱਥੇ ਉਸ ਦੀ ਹਾਲਤ ‘ਗੰਭੀਰ’ ਦੱਸੀ ਜਾਂਦੀ ਹੈ। ਚਿੜ੍ਹੀਆਘਰ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਇਹ ਵਿਅਕਤੀ ਕਿਸੇ ਤਰੀਕੇ ਚਾਰਦੀਵਾਰੀ ’ਤੇ ਚੜ੍ਹਨ ਵਿੱਚ ਸਫ਼ਲ ਰਿਹਾ ਤੇ ਮਗਰੋਂ ਉਹ ਜਾਲਨੁਮਾ ਬਾਊਂਡਰੀ ਦੇ ਅੰਦਰ ਕੁੱਦ ਗਿਆ। ਸ਼ੇਰ, ਜੋ ਉਸ ਮੌਕੇ ਆਪਣੇ ਪਿੰਜਰੇ ’ਚੋਂ ਬਾਹਰ ਸੀ, ਨੇ ਇਸ ਵਿਅਕਤੀ ’ਤੇ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਚਿੜ੍ਹੀਆਘਰ ’ਚ ਆਏ ਲੋਕਾਂ ਨੇ ਰੌਲਾ ਪਾਇਆ ਤਾਂ ਸੁਰੱਖਿਆ ਕਰਮੀਆਂ ਨੇ ਇਸ ਵਿਅਕਤੀ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਉਧਰ ਪੁਲੀਸ ਨੇ ਕਿਹਾ ਕਿ ਉਹ ਹਾਦਸੇ ਦੀ ਅਸਲ ਤਸਵੀਰ ਲਈ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੇ ਹਨ। ਇਸ ਵਿਅਕਤੀ ਦੀ ਪਛਾਣ ਦਾ ਵੀ ਪਤਾ ਲਾਇਆ ਜਾ ਰਿਹਾ ਹੈ।’
-ਪੀਟੀਆਈ