ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਫਰਵਰੀ
ਕਿਰਤੀਆਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ ਨੌਦੀਪ ਕੌਰ ਨੂੰ ਅੱਜ ਇਕ ਹੋਰ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਨੌਦੀਪ ਖ਼ਿਲਾਫ਼ ਕੁੱਲ ਤਿੰਨ ਕੇਸ ਦਰਜ ਹਨ। ਜਬਰੀ ਵਸੂਲੀ ਲਈ ਦਰਜ ਕੇਸ ਵਿੱਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਸੋਨੀਪਤ ਦੀ ਸੈਸ਼ਨ ਅਦਾਲਤ ਨੇ ਨੌਦੀਪ ਕੌਰ ਨੂੰ ਜਿਸ ਕੇਸ ਵਿੱਚ ਅੱਜ ਜ਼ਮਾਨਤ ਦਿੱਤੀ ਹੈ, ਉਹ ਆਈਪੀਸੀ ਦੀਆਂ ਧਾਰਾਵਾਂ 148, 149, 323, 452, 384 ਤੇ 506 ਤਹਿਤ ਦਰਜ ਕੀਤਾ ਗਿਆ ਸੀ। ਨੌਦੀਪ ਕੌਰ ਦੀ ਵਕਾਲਤ ਐਡਵੋਕੇਟ ਜਤਿੰਦਰ ਕੁਮਾਰ ਨੇ ਕੀਤੀ ਤੇ ਆਪਣੀਆਂ ਦਲੀਲਾਂ ਨਾਲ ਅਦਾਲਤ ਨੁੰ ਜ਼ਮਾਨਤ ਦੇਣ ਲਈ ਰਾਜ਼ੀ ਕੀਤਾ। ਨੌਦੀਪ ਖਿਲਾਫ਼ ਦਰਜ ਤੀਜੇ ਕੇਸ ਵਿੱਚ ਦਾਇਰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਹੋਵੇਗੀ। ਇਸ ਦੌਰਾਨ ਆਈਏਐੱਨਐੱਸ ਦੀ ਰਿਪੋਰਟ ਮੁਤਾਬਕ ਹਰਿਆਣਾ ਦੀ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਕਿਰਤੀ ਹੱਕਾਂ ਬਾਰੇ ਕਾਰਕੁਨ ਨੌਦੀਪ ਕੌਰ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਨੌਦੀਪ ਪਿਛਲੇ ਇਕ ਮਹੀਨੇ ਤੋਂ ਕਰਨਾਲ ਜੇਲ੍ਹ ਵਿੱਚ ਹਿਰਾਸਤ ਤਹਿਤ ਬੰਦ ਹੈ।