ਹੜ੍ਹ ਤੇ ਢਿੱਗਾਂ ਡਿੱਗਣ ਕਾਰਨ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ
ਸ਼ਿਮਲਾ, 20 ਅਗਸਤ
ਹਿਮਾਚਲ ਪ੍ਰਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਕਾਰਨ ਢਿੱਗਾਂ ਡਿੱਗਣ ਤੇ ਅਚਾਨਕ ਆਏ ਹੜ੍ਹ ਨਾਲ 22 ਵਿਅਕਤੀ ਮਾਰੇ ਗਏ ਜਦਕਿ ਛੇ ਹੋਰ ਜਣੇ ਲਾਪਤਾ ਹੋ ਗਏ ਹਨ। ਸਭ ਤੋਂ ਭਾਰੀ ਤਬਾਹੀ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ’ਚ ਹੋਈ ਹੈ। ਪੂਰੇ ਸੂਬੇ ’ਚ ਕੁਦਰਤੀ ਕਹਿਰ ਦੀਆਂ 36 ਘਟਨਾਵਾਂ ਸਾਹਮਣੇ ਆਈਆਂ ਹਨ। ਮੰਡੀ ’ਚ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ਅਤੇ ਸ਼ੋਘੀ ’ਚ ਸ਼ਿਮਲਾ-ਚੰਡੀਗੜ੍ਹ ਮਾਰਗ ਸਮੇਤ 743 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਦੱਸਿਆ ਕਿ ਸਿਰਫ਼ ਮੰਡੀ ’ਚ ਹੀ 13 ਵਿਅਕਤੀ ਮਾਰੇ ਗਏ ਹਨ ਅਤੇ ਪੰਜ ਲਾਪਤਾ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੌਤਾਂ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਜ਼ਿਲ੍ਹਿਆਂ ’ਚ ਜੰਗੀ ਪੱਧਰ ’ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਉਧਰ ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਦਰਿਆਵਾਂ ਨਾਲ ਲੱਗਦੇ ਖੇਤਰਾਂ ਵਿੱਚ ਲੋਕਾਂ ਨੂੰ ਨਾ ਜਾਣ ਲਈ ਆਖਿਆ ਹੈ। ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ 25 ਅਗਸਤ ਤੱਕ ਮੋਹਲੇਧਾਰ ਮੀਂਹ ਪੈਣ ਦੀ ਪੇਸ਼ੀਨਗੋਈ ਕਰਦਿਆਂ ਢਿੱਗਾਂ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ।
ਚੰਬਾ ਜ਼ਿਲ੍ਹੇ ਦੇ ਹੰਗਾਮੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਚੋਵਾੜੀ ਤਹਿਸੀਲ ਦੇ ਬਨੇਤ ਪਿੰਡ ’ਚ ਤੜਕੇ ਸਾਢੇ 4 ਵਜੇ ਦੇ ਕਰੀਬ ਢਿੱਗਾਂ ਡਿੱਗੀਆਂ ਜਿਸ ਕਾਰਨ ਇਕ ਘਰ ਢਹਿ ਗਿਆ ਜਿਸ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੰਡੀ ’ਚ ਬੱਦਲ ਫਟਣ ਕਾਰਨ ਇਕ ਲੜਕੀ ਦੀ ਲਾਸ਼ ਸ਼ੁੱਕਰਵਾਰ ਰਾਤ ਮੰਡੀ-ਕਟੋਲਾ-ਪਰਾਸ਼ਰ ਰੋਡ ’ਤੇ ਬਾਗ਼ੀ ਨਾਲਾ ਕੋਲ ਮਿਲੀ ਜਦਕਿ ਉਸ ਦੇ ਪਰਿਵਾਰ ਦੇ ਪੰਜ ਹੋਰ ਮੈਂਬਰ ਰੁੜ੍ਹ ਗਏ ਹਨ। ਬਾਗ਼ੀ ਤੋਂ ਪੁਰਾਣਾ ਕਟੋਲਾ ਇਲਾਕਿਆਂ ਵਿਚਕਾਰ ਕਈ ਪਰਿਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਗੋਹਾਰ ਡਿਵੈਲਪਮੈਂਟ ਬਲਾਕ ਦੇ ਪਿੰਡ ਕਾਸ਼ਨ ’ਚ ਇਕ ਘਰ ’ਤੇ ਢਿੱਗਾਂ ਡਿੱਗਣ ਕਾਰਨ ਪਰਿਵਾਰ ਦੇ ਅੱਠ ਮੈਂਬਰ ਮਲਬੇ ਹੇਠਾਂ ਦੱਬੇ ਗਏ। ਕੌਮੀ ਆਫ਼ਤ ਪ੍ਰਬੰਧਨ ਬਲ ਅਤੇ ਪੁਲੀਸ ਦੀ ਸਹਾਇਤਾ ਨਾਲ ਚਾਰ ਘੰਟਿਆਂ ਮਗਰੋਂ ਲਾਸ਼ਾਂ ਨੂੰ ਮਲਬੇ ’ਚੋਂ ਕੱਢਿਆ ਜਾ ਸਕਿਆ। ਅਧਿਕਾਰੀਆਂ ਨੇ ਕਿਹਾ ਕਿ ਬਲਹ, ਸਦਰ, ਠੁਨਾਗ, ਮੰਡੀ ਅਤੇ ਲਾਮਾਥਾਚ ’ਚ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਅੰਦਰ ਪਾਣੀ ਦਾਖ਼ਲ ਹੋ ਗਿਆ। ਸੜਕ ਕਿਨਾਰੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਅਤੇ ਲੋਕ ਆਪਣੇ ਘਰਾਂ ਅੰਦਰ ਡੱਕੇ ਗਏ। ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਨਿਚਰਵਾਰ ਨੂੰ ਮੰਡੀ ਜ਼ਿਲ੍ਹੇ ਦੇ ਸਕੂਲ ਬੰਦ ਰੱਖੇ ਗਏ। ਕਾਂਗੜਾ ’ਚ ਇਕ ਕੱਚਾ ਘਰ ਡਿੱਗਣ ਕਾਰਨ 9 ਵਰ੍ਹਿਆਂ ਦੇ ਬੱਚੇ ਦੀ ਮੌਤ ਹੋ ਗਈ। ਲਾਹੜ ਪਿੰਡ ’ਚ ਢਿੱਗਾਂ ਡਿੱਗਣ ਕਾਰਨ ਬਾਲ ਮੁਕੰਦ (48) ਨਾਮ ਦੇ ਵਿਅਕਤੀ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਕਿਹਾ ਕਿ ਆਉਂਦੇ ਤਿੰਨ-ਚਾਰ ਦਿਨਾਂ ’ਚ ਮੌਸਮ ਹੋਰ ਵਿਗੜ ਸਕਦਾ ਹੈ ਅਤੇ ਕਾਂਗੜਾ, ਚੰਬਾ, ਮੰਡੀ, ਕੁੱਲੂ, ਸ਼ਿਮਲਾ, ਸਿਰਮੌਰ, ਸੋਲਨ, ਹਮੀਰਪੁਰ, ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ’ਚ ਮੋਹਲੇਧਾਰ ਮੀਂਹ ਪੈ ਸਕਦਾ ਹੈ। -ਪੀਟੀਆਈ
ਉੱਤਰਾਖੰਡ ’ਚ ਬੱਦਲ ਫਟਣ ਕਾਰਨ ਚਾਰ ਮੌਤਾਂ, ਕਈ ਪੁਲ ਰੁੜ੍ਹੇ
ਦੇਹਰਾਦੂਨ/ਨਿਊ ਟੀਹਰੀ: ਉੱਤਰਾਖੰਡ ਦੇ ਵੱਖ ਵੱਖ ਹਿੱਸਿਆਂ ’ਚ ਸ਼ਨਿਚਰਵਾਰ ਤੜਕੇ ਬੱਦਲ ਫਟਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਕਿਹਾ ਕਿ ਮੋਹਲੇਧਾਰ ਮੀਂਹ ਕਾਰਨ ਕਈ ਦਰਿਆਵਾਂ ’ਚ ਹੜ੍ਹ ਆ ਗਿਆ ਅਤੇ ਕਈ ਪੁਲ ਰੁੜ੍ਹ ਗਏ ਹਨ। ਗਵਾਡ ਪਿੰਡ ’ਚ ਮੀਂਹ ਕਾਰਨ ਦੋ ਘਰ ਢਹਿ ਗਏ ਜਿਸ ਦੇ ਮਲਬੇ ਹੇਠਾਂ ਸੱਤ ਵਿਅਕਤੀ ਦੱਬੇ ਗਏ। ਮਲਬੇ ’ਚੋਂ ਦੋ ਲਾਸ਼ਾਂ ਕੱਢ ਲਈਆਂ ਗਈਆਂ ਹਨ। ਕੋਥਾਰ ਪਿੰਡ ’ਚ ਮੀਂਹ ਨਾਲ ਆਏ ਮਲਬੇ ਹੇਠਾਂ ਦੱਬ ਕੇ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। ਪੌੜੀ ਜ਼ਿਲ੍ਹੇ ਦੇ ਪਿੰਡ ਬਿਨਾਕ ’ਚ ਘਰ ਢਹਿ ਗਿਆ ਜਿਸ ਕਾਰਨ 70 ਵਰ੍ਹਿਆਂ ਦੀ ਦਰਸ਼ਨੀ ਦੇਵੀ ਦੀ ਮੌਤ ਹੋ ਗਈ। ਭਾਰੀ ਮੀਂਹ ਕਾਰਨ ਪੌੜੀ ਜ਼ਿਲ੍ਹੇ ਦੇ ਕਰੀਬ 13 ਪਿੰਡਾਂ ’ਤੇ ਅਸਰ ਪਿਆ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਸਾਰੇ ਆਂਗਨਵਾੜੀ ਅਤੇ ਸਕੂਲ ਬੰਦ ਕਰ ਦਿੱਤੇ ਹਨ। ਦਰਿਆ ਕੰਢੇ ਬਣੇ ਮਸ਼ਹੂਰ ਸ਼ਿਵ ਮੰਦਰ ਤਾਪਕੇਸ਼ਵਰ ਦੀਆਂ ਗੁਫਾਵਾਂ ਅੰਦਰ ਪਾਣੀ ਦਾਖ਼ਲ ਹੋ ਗਿਆ ਹੈ। ਰਾਏਪੁਰ ਦੇ ਪਿੰਡ ਸਰਖੇਤ ’ਚ ਅੱਧੀ ਰਾਤ ਤੋਂ ਬਾਅਦ ਕਰੀਬ ਸਵਾ ਦੋ ਵਜੇ ਬੱਦਲ ਫਟਣ ਕਾਰਨ ਠਾਨੋ ਨੇੜੇ ਸੋਂਗ ਦਰਿਆ ’ਤੇ ਬਣਿਆ ਪੁਲ ਰੁੜ੍ਹ ਗਿਆ ਜਦਕਿ ਮਸੂਰੀ ਨੇੜੇ ਕੈਂਪਟੀ ਝਰਨੇ ਦਾ ਪਾਣੀ ਖ਼ਤਰਨਾਕ ਢੰਗ ਨਾਲ ਵਹਿ ਰਿਹਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਠਾਨੋ ਨੇੜਲੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਵਾਹਨਾਂ ਦੀ ਆਵਾਜਾਈ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਭਾਵਿਤ ਪਿੰਡਾਂ ’ਚ ਮਾਲਦੇਵਤਾ, ਭੁਤਸੀ, ਟੌਲੀਆਕਟਲ, ਲਾਵਾਰਖਾ, ਰਿੰਗਾਲਗੜ੍ਹ, ਧੁਤੂ, ਤੇ ਸਰਖੇਤ ਸ਼ਾਮਲ ਹਨ। ਦਰਜਨਾਂ ਪਿੰਡਾਂ ’ਚ ਗਾਰਾ ਘਰਾਂ ਅੰਦਰ ਦਾਖ਼ਲ ਹੋ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਰਿਸ਼ੀਕੇਸ਼-ਬਦਰੀਨਾਥ ਹਾਈਵੇਅ ’ਤੇ ਤੋਤਾਘਾਟੀ, ਰਿਸ਼ੀਕੇਸ਼-ਗੰਗੋਤਰੀ ਹਾਈਵੇਅ ’ਤੇ ਨਾਗਨੀ ਅਤੇ ਨਰੇਂਦਰਨਗਰ-ਰਾਨੀਪੋਖਰੀ ਰੋਡ ਕਈ ਥਾਵਾਂ ’ਤੇ ਬੰਦ ਹੋ ਗਈ ਹੈ। -ਪੀਟੀਆਈ
ਚੱਕੀ ਦਰਿਆ ’ਤੇ ਪੁਲ ਰੁੜ੍ਹਨ ਨਾਲ ਪੰਜਾਬ ਤੇ ਹਿਮਾਚਲ ਦਾ ਰੇਲ ਸੰਪਰਕ ਟੁੱਟਿਆ
ਐੱਨ ਪੀ ਧਵਨ
ਪਠਾਨਕੋਟ, 20 ਅਗਸਤ
ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ ’ਤੇ ਪੈਂਦੇ ਚੱਕੀ ਦਰਿਆ ਉਪਰ ਅੰਗਰੇਜ਼ਾਂ ਦੇ ਰਾਜ ਸਮੇਂ 1929 ’ਚ ਬਣੇ ਰੇਲਵੇ ਪੁਲ ਦਾ 300 ਫੁੱਟ ਹਿੱਸਾ ਅੱਜ ਤੜਕੇ 5.45 ਵਜੇ ਦੇ ਕਰੀਬ ਆਏ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ। ਇਸ ਨਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਸ ਰੂਟ ’ਤੇ ਪੈਂਦਾ ਰੇਲ ਲਿੰਕ ਪੂਰੀ ਤਰ੍ਹਾਂ ਨਾਲ ਟੁੱਟ ਗਿਆ। ਲੋਕਾਂ ਮੁਤਾਬਕ ਚੱਕੀ ਦਰਿਆ ਦੇ ਉਪਰ ਵਾਲੇ ਪਾਸੇ ਮਾਈਨਿੰਗ ਮਾਫੀਆ ਵੱਲੋਂ ਕੀਤੀ ਲਗਾਤਾਰ ਨਾਜਾਇਜ਼ ਮਾਈਨਿੰਗ ਕਾਰਨ ਇਹ ਪੁਲ ਰੁੜ੍ਹਿਆ ਹੈ। ਪੁਲ ਦੇ ਹੇਠਾਂ ਨੀਹਾਂ ਕੋਲ ਪਈਆਂ ਸਲੈਬਾਂ ਪਿਛਲੇ ਮਹੀਨੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈਆਂ ਸਨ। ਰੇਲਵੇ ਦੀ ਤਕਨੀਕੀ ਕਮੇਟੀ ਨੇ ਪਹਿਲੀ ਅਗਸਤ ਨੂੰ ਥਾਂ ਦਾ ਦੌਰਾ ਕਰਕੇ ਇਸ ਨੂੰ ਅਸੁਰੱਖਿਅਤ ਕਰਾਰ ਦਿੱਤਾ ਸੀ ਅਤੇ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਨੇ 2 ਅਗਸਤ ਤੋਂ ਹੀ ਇਸ ਰੇਲ ਲਿੰਕ ਉਪਰੋਂ ਰੇਲ ਗੱਡੀਆਂ ਦੀ ਆਵਾਜਾਈ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਸੀ।
ਇਸ ਦਰਿਆ ਦਾ ਅੱਜ ਸਵੇਰੇ ਜਦੋਂ ਦੌਰਾ ਕੀਤਾ ਗਿਆ ਤਾਂ ਪੁਲ ਦੇ ਤਿੰਨ ਪਿੱਲਰ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਚੁੱਕੇ ਸਨ ਅਤੇ ਦਰਿਆ ਦੀਆਂ ਸਾਈਡਾਂ ਨੂੰ ਖੋਰਾ ਲੱਗਿਆ ਹੈ। ਨਾਜਾਇਜ਼ ਮਾਈਨਿੰਗ ਨਾਲ ਦਰਿਆ ਦੀ ਸਤਹਿ ਡੂੰਘੀ ਹੋ ਜਾਣ ਕਾਰਨ ਪਾਣੀ ਪੁਲ ਕੋਲੋਂ ਗੋਲੀ ਵਾਂਗ ਲੰਘ ਰਿਹਾ ਸੀ। ਇਸ ਪੁਲ ਦੇ ਬਿਲਕੁਲ ਬਰਾਬਰ ਨੈਸ਼ਨਲ ਹਾਈਵੇਅ ਦਾ ਵੀ ਪੁਲ ਹੈ ਜੋ 2007 ਵਿੱਚ ਰੁੜ੍ਹ ਜਾਣ ਮਗਰੋਂ ਨਵਾਂ ਬਣਾਇਆ ਗਿਆ ਸੀ। ਉਸ ਦੇ ਦੋ ਪਿੱਲਰਾਂ ਦੀਆਂ ਨੀਹਾਂ ਵੀ ਪਾਣੀ ਦੇ ਖਤਰੇ ਵਿੱਚ ਆ ਚੁੱਕੀਆਂ ਹਨ। ਦੱਸਣਯੋਗ ਹੈ ਕਿ ਰੇਲਵੇ ਦੇ ਇਸ ਪੁਲ ਦਾ ਇੱਕ ਪਿੱਲਰ ਸਾਲ 2011 ਵਿੱਚ ਰੁੜ੍ਹ ਗਿਆ ਸੀ ਜਿਸ ਨੂੰ ਦੁਬਾਰਾ ਬਣਾ ਕੇ ਪੁਲ ਨੂੰ ਚਾਲੂ ਕੀਤਾ ਗਿਆ ਸੀ। ਉਸ ਵੇਲੇ 8 ਮਹੀਨੇ ਤੱਕ ਇਸ ਰੇਲਵੇ ਪੁਲ ਤੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਰਹੀ ਸੀ। ਹਾੜਾ ਪਿੰਡ ਦੀ ਸਰਪੰਚ ਪੱਲਵੀ ਠਾਕੁਰ ਨੇ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਦੀ ਜਾਂਚ ਕਰਕੇ ਮਾਫੀਆ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ ’ਤੇ ਤਾਇਨਾਤ ਇੰਜਨੀਅਰ ਉੱਤਮ ਚੰਦ ਨੇ ਕਿਹਾ ਕਿ ਉੱਤਰ ਰੇਲਵੇ ਮੰਡਲ ਫਿਰੋਜ਼ਪੁਰ ਦੇ ਇੰਜਨੀਅਰਾਂ ਦੀ ਵਿਸ਼ੇਸ਼ ਟੀਮ ਨੇ ਪੁਲ ਦਾ ਨਿਰੀਖਣ ਕਰਕੇ ਇਸ ਨੂੰ ਅਸੁਰੱਖਿਅਤ ਐਲਾਨ ਦਿੱਤਾ ਸੀ। ਫਿਰੋਜ਼ਪੁਰ ਮੰਡਲ ਦੀ ਡੀਆਰਐੱਮ ਸੀਮਾ ਸ਼ਰਮਾ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ ’ਤੇ ਚੱਕੀ ਦਰਿਆ ਉਪਰ ਪੈਂਦਾ ਪੁਲ ਡਿੱਗ ਗਿਆ ਹੈ ਅਤੇ ਹੁਣ ਉਸ ਦੇ ਪੁਨਰਨਿਰਮਾਣ ਮਗਰੋਂ ਹੀ ਰੇਲ ਟ੍ਰੈਫਿਕ ਬਹਾਲ ਹੋ ਸਕੇਗਾ।
ਉੱਤਰੀ ਭਾਰਤ ਵਿੱਚ 24 ਤੱਕ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ (ਟਨਸ): ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਅਗਲੇ ਕੁਝ ਦਿਨਾਂ ਤੱਕ ਜ਼ੋਰਦਾਰ ਮੀਂਹ ਪੈ ਸਕਦਾ ਹੈ। ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ’ਚ 20 ਤੋਂ 24 ਅਗਸਤ ਤੱਕ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਤਰ੍ਹਾਂ ਪੰਜਾਬ ’ਚ 22 ਅਤੇ ਹਰਿਆਣਾ ’ਚ 21 ਤੇ 22 ਅਗਸਤ ਨੂੰ ਮੀਂਹ ਪੈ ਸਕਦਾ ਹੈ। ਪੰਜਾਬ ’ਚ ਪਹਿਲੀ ਅਗਸਤ ਤੋਂ 20 ਅਗਸਤ ਤੱਕ 55 ਫ਼ੀਸਦੀ ਘੱਟ ਮੀਂਹ ਪਿਆ। ਬੀਤੇ ਹਫ਼ਤੇ ਸਿਰਫ਼ ਪੰਜ ਜ਼ਿਲ੍ਹਿਆਂ ਪਠਾਨਕੋਟ, ਫਿਰੋਜ਼ਪੁਰ, ਮੁਕਤਸਰ ਅਤੇ ਬਠਿੰਡਾ ’ਚ ਔਸਤ ਤੋਂ ਜ਼ਿਆਦਾ ਮੀਂਹ ਪਿਆ ਜਦਕਿ ਸੂਬੇ ਦੇ ਬਾਕੀ ਹਿੱਸੇ ਸੁੱਕੇ ਹੀ ਰਹੇ।