ਮੈਸੂਰ: ਕਾਂਗਰਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਅੱਜ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ 7 ਅਕਤੂਬਰ ਨੂੰ ਦਿੱਲੀ ਵਿੱਚ ਏਜੰਸੀ ਸਾਹਮਣੇ ਪੇਸ਼ੀ ਤੋਂ ਛੋਟ ਸਬੰਧੀ ਉਨ੍ਹਾਂ ਦੀ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਆਗੂਆਂ ਨਾਲ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਲੈਣਗੇ ਕਿ ਏਜੰਸੀ ਅੱਗੇ ਪੇਸ਼ ਹੋਣਾ ਹੈ ਜਾਂ ਨਹੀਂ। ਈਡੀ ਨੇ ਇਕ ਤਾਜ਼ਾ ਸੁਨੇਹੇ ਵਿੱਚ ਸ਼ਿਵਕੁਮਾਰ ਨੂੰ ਸ਼ੁੱਕਰਵਾਰ ਨੂੰ ਏਜੰਸੀ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਈਡੀ ਦੇ ਸਹਾਇਕ ਕਮਿਸ਼ਨਰ ਕੁਲਦੀਪ ਸਿੰਘ ਵੱਲੋਂ ਭੇਜੀ ਗਈ ਈ-ਮੇਲ ਵਿੱਚ ਕਿਹਾ ਗਿਆ ਹੈ, ‘‘ਤੁਹਾਨੂੰ ਇਕ ਵਾਰ ਫਿਰ ਤੋਂ ਨਿਰਦੇਸ਼ ਦਿੱਤਾ ਜਾਂਦਾ ਹੈ ਕਿ 23 ਸਤੰਬਰ 2022 ਦੇ ਸੰਮਨ ਅਨੁਸਾਰ ਤੁਸੀਂ 7 ਅਕਤੂਬਰ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਮੇਰੇ ਦਫ਼ਤਰ ਵਿੱਚ ਪੇਸ਼ ਹੋਵੋ।’’ -ਪੀਟੀਆਈ