ਨਵੀਂ ਦਿੱਲੀ, 15 ਜੂਨ
ਮੁੱਖ ਅੰਸ਼
- ਕਾਂਗਰਸ ਨੇ ਦਿੱਲੀ ਪੁਲੀਸ ’ਤੇ ਪਾਰਟੀ ਹੈੱਡਕੁਆਰਟਰ ਵਿੱਚ ਦਾਖ਼ਲ ਹੋ ਕੇ ਆਗੂਆਂ ਤੇ ਵਰਕਰਾਂ ਨੂੰ ਕੁੱਟਣ ਦੇ ਦੋਸ਼ ਲਾਏ
- ਦਿੱਲੀ ਪੁਲੀਸ ਵੱਲੋਂ ਦੋਸ਼ਾਂ ਤੋਂ ਇਨਕਾਰ
-
ਕਾਂਗਰਸ ਦੀਆਂ ਸੂਬਾ ਇਕਾਈਆਂ ਵੱਲੋਂ ਰਾਜ ਭਵਨਾਂ ਦੇ ਘਿਰਾਓ ਤੇ ਰੋਸ ਮੁਜ਼ਾਹਰਿਆਂ ਦਾ ਐਲਾਨ
ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਆਗੂ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਕੇਸ ਦੀ ਜਾਂਚ ਵਿਚ ਪੁੱਛ-ਪੜਤਾਲ ਲਈ 17 ਜੂਨ ਨੂੰ ਫਿਰ ਸੱਦ ਲਿਆ ਹੈ। ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਚੌਥੀ ਵਾਰ ਸੰਘੀ ਜਾਂਚ ਏਜੰਸੀ ਅੱਗੇ ਪੇਸ਼ ਹੋਣਗੇ। ਈਡੀ ਅਧਿਕਾਰੀਆਂ ਨੇ ਕਿਹਾ ਕਿ ਕਾਂਗਰਸ ਆਗੂ ਨੇ ਵੀਰਵਾਰ ਨੂੰ ਪੇਸ਼ੀ ਤੋਂ ਛੋਟ ਮੰਗੀ ਸੀ, ਜਿਸ ਦੀ ਇਜਾਜ਼ਤ ਦੇ ਦਿੱਤੀ ਗਈ। ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਲਗਾਤਾਰ ਤੀਜੇ ਦਿਨ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਐੱਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿੱਚ ਪੇਸ਼ ਹੋਏ, ਜਿੱਥੇ ਉਨ੍ਹਾਂ ਤੋਂ ਅੱਠ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਕਾਂਗਰਸ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਅੱਜ ਧੱਕੇ ਨਾਲ ਪਾਰਟੀ ਦੇ ਮੁੱਖ ਦਫ਼ਤਰ ਵਿਚ ਦਾਖਲ ਹੋ ਗਈ ਤੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਕੁੱਟਿਆ ਗਿਆ। ਕਈ ਸੀਨੀਅਰ ਪਾਰਟੀ ਆਗੂਆਂ ਜਿਨ੍ਹਾਂ ਵਿਚ ਸਚਿਨ ਪਾਇਲਟ, ਦਿੱਲੀ ਕਾਂਗਰਸ ਦੇ ਮੁਖੀ ਅਨਿਲ ਚੌਧਰੀ ਤੇ ਬੀਵੀ ਸ੍ਰੀਨਿਵਾਸ ਸ਼ਾਮਲ ਸਨ, ਨੂੰ ਅੱਜ ਦਿਨ ’ਚ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਕਾਂਗਰਸ ਆਗੂਆਂ ਨੇ ਸੋਸ਼ਲ ਮੀਡੀਆ ਉੱਤੇ ਕੁਝ ਵੀਡੀਓ ਕਲਿੱਪਾਂ ਵੀ ਸ਼ੇਅਰ ਕੀਤੀਆਂ ਜਿਨ੍ਹਾਂ ਵਿਚ ਪੁਲੀਸ ਕਰਮੀ ਅਕਬਰ ਰੋਡ ਸਥਿਤ ਕਾਂਗਰਸ ਦੇ ਦਫ਼ਤਰ ਵਿਚ ਦਾਖਲ ਹੁੰਦੇ ਤੇ ਪਾਰਟੀ ਆਗੂਆਂ-ਵਰਕਰਾਂ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਦਿੱਲੀ ਪੁਲੀਸ ਨੇ ਹਾਲਾਂਕਿ ਦੋਸ਼ਾਂ ਨੂੰ ‘ਬਿਲਕੁਲ ਝੂਠ’ ਦੱਸਦਿਆਂ ਨਕਾਰ ਦਿੱਤਾ ਹੈ। ਕਾਂਗਰਸ ਦੀਆਂ ਕਰਨਾਟਕ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਵਿਚਲੀਆਂ ਸੂਬਾਈ ਇਕਾਈਆਂ ਨੇ ਦਿੱਲੀ ਪੁਲੀਸ ਦੀ ਕਾਰਵਾਈ ਖ਼ਿਲਾਫ਼ ਰਾਜ ਭਵਨਾਂ ਦਾ ਘਿਰਾਓ ਕਰਨ ਤੇ ਰੋਸ ਮੁਜ਼ਾਹਰਿਆਂ ਦਾ ਐਲਾਨ ਕੀਤਾ ਹੈ।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਦਾ ਗੇਟ ਬੰਦ ਕਰ ਕੇ ਪਾਰਟੀ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਰੋਸ ਮਾਰਚ ਕੱਢਣ ਤੋਂ ਰੋਕਿਆ ਜਾ ਸਕੇ। ਇਸੇ ਦੌਰਾਨ ਧੱਕਾ-ਮੁੱਕੀ ਹੋਈ ਹੋ ਸਕਦੀ ਹੈ, ਪਰ ਦਫ਼ਤਰ ਵਿਚ ਦਾਖਲ ਹੋਣ ਦਾ ਯਤਨ ਨਹੀਂ ਕੀਤਾ ਗਿਆ। ਉਂਜ ਪੁਲੀਸ ਨੇ ਏਆਈਸੀਸੀ ਦੇ ਦਫ਼ਤਰ ਦੁਆਲੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਤੇ ਪਾਬੰਦੀ ਦੇ ਹੁਕਮ ਲਾਗੂ ਸਨ। ਈਡੀ ਦੇ ਦਫ਼ਤਰ ਦੁਆਲੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਸਨ। ਅੱਜ ਰਾਹੁਲ ਗਾਂਧੀ ਜਿਵੇਂ 11:35 ਵਜੇ ਦੇ ਕਰੀਬ ਮਨੀ ਲਾਂਡਰਿੰਗ ਕੇਸ ਵਿਚ ਪੁੱਛਗਿੱਛ ਲਈ ਕੇਂਦਰੀ ਏਜੰਸੀ ਦੇ ਦਫ਼ਤਰ ਪੁੱਜੇ। ਰਾਹੁਲ ਜਿਸ ਗੱਡੀ ਵਿੱਚ ਈਡੀ ਦਫ਼ਤਰ ਪੁੱਜੇ, ਉਸ ਵਿੱਚ ਉਨ੍ਹਾਂ ਦੀ ਭੈਣ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਪ੍ਰਿਯੰਕਾ ਗਾਂਧੀ ਆਪਣੇੇ ਭਰਾ ਨੂੰ ਉਥੇ ਛੱਡਣ ਮਗਰੋਂ ਉਥੋਂ ਚਲੇ ਗਏ। ਇਸ ਦੌਰਾਨ ਕਾਂਗਰਸ ਵਰਕਰਾਂ ਤੇ ਆਗੂਆਂ ਨੇ ਪਾਰਟੀ ਦਫ਼ਤਰ ’ਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਸੱਤਾਧਾਰੀ ਭਾਜਪਾ ਉਤੇ ਕੇਂਦਰੀ ਏਜੰਸੀ ਨੂੰ ਵਰਤਣ ਅਤੇ ਵਿਰੋਧੀ ਧਿਰਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਦੋਸ਼ ਲਾਇਆ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁੁਪੇਸ਼ ਬਘੇਲ ਨੇ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ‘ਜਮਹੂਰੀਅਤ ਦਾ ਕਤਲ’ ਕਰ ਰਹੀ ਹੈ ਕਿਉਂਕਿ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਈਡੀ ਨੇ 12 ਵਜੇ ਦੇ ਕਰੀਬ ਰਾਹੁਲ ਤੋਂ ਪੁੱਛਗਿੱਛ ਸ਼ੁਰੂ ਕੀਤੀ। ਤਿੰਨ ਘੰਟੇ ਸਵਾਲ ਜਵਾਬ ਕਰਨ ਮਗਰੋਂ ਕਾਂਗਰਸ ਆਗੂ ਨੂੰ ਦੁਪਹਿਰ ਦੇ ਖਾਣੇ ਲਈ ਇਕ ਘੰਟੇ ਦੀ ਬਰੇਕ ਦਿੱਤੀ ਗਈ। ਰਾਹੁਲ ਚਾਰ ਵਜੇ ਮੁੜ ਜਾਂਚ ਵਿੱਚ ਸ਼ਾਮਲ ਹੋਏ। ਇਸੇ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ, ਅਜੈ ਮਾਕਨ ਅਤੇ ਮੁਕੁਲ ਵਾਸਨਿਕ ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਬਸ ਬਹੁਤ ਹੋ ਗਿਆ। ਭਾਜਪਾ ਸਰਕਾਰ ਦੇ ਅੱਠ ਸਾਲ ਦੇਸ਼ ਦੇ ਇਤਿਹਾਸ ਵਿੱਚ ਕਾਲੇ ਅਧਿਆਏ ਵਜੋਂ ਲਿਖੇ ਜਾਣਗੇ।’ -ਪੀਟੀਆਈ
ਪੁਲੀਸ ਦਾ ਕਾਂਗਰਸ ਦਫ਼ਤਰ ’ਚ ਜਬਰੀ ਦਾਖ਼ਲ ਹੋਣਾ, ਆਜ਼ਾਦੀ ਦੀ ਉਲੰਘਣਾ: ਚਿਦੰਬਰਮ
ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਪੁਲੀਸ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਗਈ ਕਾਰਵਾਈ ‘ਆਜ਼ਾਦੀ ਦੀ ਘੋਰ ਉਲੰਘਣਾ’ ਹੈ ਅਤੇ ਲੋਕਤੰਤਰ ਵਿੱਚ ਹਰੇਕ ਕਾਨੂੰਨੀ ਅਤੇ ਸਿਆਸੀ ਨਿਯਮਾਂ ਦੀ ‘ਉਲੰਘਣਾ’ ਕੀਤੀ ਗਈ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਦੇ ਕੁੱਝ ਮੁਲਾਜ਼ਮ ਅੱਜ ਜਬਰਦਸਤੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਪਾਰਟੀ ਕਾਰਕੁਨਾਂ ਅਤੇ ਆਗੂਆਂ ਦੀ ਕੁੱਟਮਾਰ ਕੀਤੀ ਹੈ। ਕਾਂਗਰਸ ਨੇ ‘ਅਪਰਾਧਕ ਉਲੰਘਣਾ’ ਸਬੰਧੀ ਕੇਸ ਦਰਜ ਕਰਨ, ਗ਼ਲਤੀ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਪੂਰੇ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਚਿਦੰਬਰਮ ਨੇ ਟਵੀਟ ਕੀਤਾ, ‘‘ਪੁਲੀਸ ਨੇ ਅੱਜ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਜੋ ਕੀਤਾ, ਉਹ ਆਜ਼ਾਦੀ ਦੀ ਘੋਰ ਉਲੰਘਣਾ ਹੈ।’’ -ਪੀਟੀਆਈ
ਕਾਂਗਰਸ ਨੇ ਸਰਕਾਰ ਨੂੰ ਕਾਨੂੰਨੀ ਨੋਟਿਸ ਭੇਜਿਆ
ਨਵੀਂ ਦਿੱਲੀ(ਟ੍ਰਿਬਿਊਨ ਨਿਊਜ਼ ਸਰਵਿਸ): ਰਾਹੁਲ ਗਾਂਧੀ ਤੋਂ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਈਡੀ ਦੀ ਪੁੱਛ-ਪੜਤਾਲ ਨਾਲ ਜੁੜੀ ਜਾਣਕਾਰੀ ਮੀਡੀਆ ਵਿੱਚ ਲੀਕ ਕਰਨ ਦੇ ਦੋਸ਼ ਵਿੱਚ ਕਾਂਗਰਸ ਨੇ ਅੱਜ ਸਰਕਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਦੀ ਇਕ ਕਾਪੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮੁਖੀ ਅਤੇ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਵੀ ਭੇਜੀ ਗਈ ਹੈ। ਕਾਂਗਰਸ ਦੇ ਸੰਸਦ ਮੈਂਬਰ ਵਿਵੇਕ ਤਨਖਾ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜੇ ਨੋਟਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟੈਲੀਵਿਜ਼ਨ ਚੈਨਲਾਂ ’ਤੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਤਿੰਨ ਰਿਪੋਰਟਾਂ ਚੱਲ ਰਹੀਆਂ ਹਨ ਕਿ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਵਕੀਲਾਂ ਨੇ ਸਿਖਾ-ਪੜ੍ਹਾ ਕੇ ਭੇਜਿਆ ਹੈ ਤੇ ਉਹ ਜਾਂਚ ਦੌਰਾਨ ਟਾਲਮਟੋਲ ਕਰ ਰਿਹਾ ਹੈ। ਨੋਟਿਸ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ‘ਅਦਾਲਤਾਂ ਤੇ ਕਾਨੂੰਨ’ ਪ੍ਰਤੀ ਸਤਿਕਾਰ ਵਿਖਾਏ।
ਅਧੀਰ ਨੇ ਸਪੀਕਰ ਨੂੰ ਪੱਤਰ ਲਿਖ ਕੇ ‘ਅਣਮਨੁੱਖੀ ਵਤੀਰੇ’ ਦਾ ਦੋਸ਼ ਲਾਇਆ
ਨਵੀਂ ਦਿੱਲੀ: ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਈਡੀ ਵੱਲੋਂ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਮਾਮਲੇ ਵਿਚ ਸਪੀਕਰ ਓਮ ਬਿਰਲਾ ਦਾ ਦਖ਼ਲ ਮੰਗਿਆ ਹੈ। ਬਿਰਲਾ ਨੂੰ ਲਿਖੇ ਪੱਤਰ ਵਿਚ ਚੌਧਰੀ ਨੇ ਦੋਸ਼ ਲਾਇਆ ਹੈ ਕਿ ਇਕ ਸੰਸਦ ਮੈਂਬਰ ਨਾਲ ‘ਅਣਮਨੁੱਖੀ ਵਤੀਰਾ’ ਕੀਤਾ ਜਾ ਰਿਹਾ ਹੈ। ਇਹ ‘ਘਿਨੌਣੀ ਸਾਜ਼ਿਸ਼’ ਸਿਆਸੀ ਬਦਲੇ ਲੈਣ ਲਈ ਕੀਤੀ ਜਾ ਰਹੀ ਹੈ। ਅਧੀਰ ਨੇ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਨੂੰ ਰੋਜ਼ 8-10 ਘੰਟੇ ਲਈ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ। -ਪੀਟੀਆਈ
ਭ੍ਰਿਸ਼ਟਾਚਾਰ ’ਤੇ ਪਰਦਾ ਪਾਉਣਾ ਕਾਂਗਰਸ ਦੇ ‘ਸੱਤਿਆਗ੍ਰਹਿ’ ਦਾ ਅਸਲ ਸੱਚ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅੱਜ ਕਿਹਾ ਕਿ ਕਾਂਗਰਸ ਵੱਲੋਂ ਗਾਂਧੀ ਪਰਿਵਾਰ ਦੇ ਕਥਿਤ ਭ੍ਰਿਸ਼ਟਾਚਾਰ ’ਤੇ ਪਰਦਾ ਪਾਉਣਾ, ਇਸ ਪਾਰਟੀ ਦੇ ‘ਸੱਤਿਆਗ੍ਰਹਿ’ ਦਾ ‘ਅਸਲ ਸੱਤਿਆ’ ਭਾਵ ਸਚਾਈ ਹੈ। ਭਾਜਪਾ ਨੇ ਦੋਸ਼ ਲਾਇਆ ਕਿ ਕਾਂਗਰਸ ਦਾ ਭ੍ਰਿਸ਼ਟਾਚਾਰ ਦੀ ਜਾਂਚ ਖਿਲਾਫ਼ ਪ੍ਰਦਰਸ਼ਨ ਉਸ ਦੇ ਨਿਘਾਰ ਨੂੰ ਦਰਸਾਉਂਦਾ ਹੈ। ਭਾਜਪਾ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਕੇਸ ਦੀ ਜਾਂਚ ਦਾ ਵਿਰੋਧ ਕਰਨ ਲਈ ਕੀਤੇ ਜਾ ਰਹੇ ‘ਹਿੰਸਕ ਪ੍ਰਦਰਸ਼ਨ’ ਦਰਸਾਉਂਦੇ ਹਨ ਕਿ ਇਹ ਕਿੰਨੀ ਛੋਟੀ ਪਾਰਟੀ ਬਣ ਗਈ ਹੈ। -ਪੀਟੀਆਈ