ਨਵੀਂ ਦਿੱਲੀ, 14 ਜੂਨ
ਮੁੱਖ ਅੰਸ਼
- ਸਾਬਕਾ ਕਾਂਗਰਸ ਪ੍ਰਧਾਨ ਤੋਂ ਅੱਜ ਵੀ ਹੋਵੇਗੀ ਪੁੱਛਗਿੱਛ
ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਨੇ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਅੱਜ ਲਗਾਤਾਰ ਦੂਜੇ ਦਿਨ ਨੈਸ਼ਨਲ-ਹੈਰਾਲਡ ਮਨੀ-ਲਾਂਡਰਿੰਗ ਕੇਸ ਵਿਚ ਪੁੱਛ-ਪੜਤਾਲ ਕੀਤੀ। ਕਾਂਗਰਸ ਆਗੂ ਤੋਂ ਅੱਜ 8 ਘੰਟਿਆਂ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੂੰ ਭਲਕੇ ਵੀ ਪੁੱਛਗਿੱਛ ਲਈ ਸੱਦਿਆ ਗਿਆ ਹੈ। ਕਾਂਗਰਸ ਨੇ ਏਜੰਸੀ ਦੀ ਕਾਰਵਾਈ ਨੂੰ ਕੇਂਦਰ ਸਰਕਾਰ ਦੀ ਵਿਰੋਧੀ ਧਿਰਾਂ ਦੇ ਆਗੂਆਂ ਖ਼ਿਲਾਫ਼ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਹੈ। ਗਾਂਧੀ (51) ਅੱਜ ਸਵੇਰੇ ਕਰੀਬ 11 ਵਜੇ ਈਡੀ ਦੇ ਦਿੱਲੀ ਸਥਿਤ ਹੈੱਡਕੁਆਰਟਰ ਪੁੱਜੇ। ਇਸ ਮੌਕੇ ਰਾਹੁਲ ਨਾਲ ਉਨ੍ਹਾਂ ਦੀ ਭੈਣ ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਕੁਝ ਕਾਨੂੰਨੀ ਰਸਮੀ ਕਾਰਵਾਈਆਂ ਤੋਂ ਬਾਅਦ ਪੁੱਛ-ਪੜਤਾਲ ਕਰੀਬ ਸਾਢੇ ਗਿਆਰਾਂ ਵਜੇ ਆਰੰਭ ਹੋਈ। ਚਾਰ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਰਾਹੁਲ ਗਾਂਧੀ ਨੇ 3.30 ਵਜੇ ਕਰੀਬ ਇਕ ਘੰਟੇ ਦੀ ਛੁੱਟੀ ਲਈ ਤੇ ਘਰ ਚਲੇ ਗਏ। ਉਹ ਦੁਬਾਰਾ 4.30 ਵਜੇ ਹੋਰ ਪੁੱਛ-ਪੜਤਾਲ ਲਈ ਪਰਤੇ। ਸੋਮਵਾਰ ਵਾਂਗ ਅੱਜ ਵੀ ਕਾਂਗਰਸ ਆਗੂ ਦੀ ‘ਜ਼ੈੱਡ’ ਸੁਰੱਖਿਆ ਵਿਚ ਲੱਗੇ ਸੀਆਰਪੀਐਫ ਜਵਾਨ ਉਨ੍ਹਾਂ ਦੀ ਐੱਸਯੂਵੀ ਦੇ ਫੁਟਬੋਰਡ ਉਤੇ ਲਟਕਦੇ ਈਡੀ ਦੇ ਦਫ਼ਤਰ ਪੁੱਜੇ। ਇਸ ਮੌਕੇ ਵੱਡੀ ਗਿਣਤੀ ’ਚ ਦਿੱਲੀ ਪੁਲੀਸ ਦੇ ਜਵਾਨ ਤਾਇਨਾਤ ਸਨ ਤੇ ਏਜੰਸੀ ਦੇ ਦਫ਼ਤਰ ਦੁਆਲੇ ਧਾਰਾ 144 ਲਾਈ ਗਈ ਸੀ। ਈਡੀ ਦੇ ਦਫ਼ਤਰ ਤੱਕ ਆਉਂਦੀਆਂ ਸਾਰੀਆਂ ਸੜਕਾਂ ਨੂੰ ਆਮ ਲੋਕਾਂ ਲਈ ਬੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬੈਰੀਕੇਡ ਲਾ ਕੇ ਦੰਗਾ-ਵਿਰੋਧੀ ਪੁਲੀਸ ਤੇ ਸੀਆਰਪੀਐਫ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਸੀ।
ਇਸੇ ਦੌਰਾਨ ਪੁਲੀਸ ਬਲਾਂ ਨੇ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ (24, ਅਕਬਰ ਰੋਡ) ਦੇ ਬਾਹਰ ਮੌਜੂਦ ਕਈ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ, ਯੂਥ ਕਾਂਗਰਸ ਆਗੂ ਬੀਵੀ ਸ੍ਰੀਨਿਵਾਸ ਤੇ ਹੋਰਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਤੇ ਬੱਸਾਂ ਵਿਚ ਬਿਠਾ ਕੇ ਲੈ ਗਈ। ਜ਼ਿਕਰਯੋਗ ਹੈ ਕਿ ਕੇਰਲਾ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੋਮਵਾਰ ਵੀ ਦਸ ਘੰਟਿਆਂ ਤੋਂ ਵੱਧ ਸਮਾਂ ਕੇਂਦਰੀ ਏਜੰਸੀ ਦੇ ਦਫ਼ਤਰ ਵਿਚ ਬਿਤਾਇਆ ਸੀ। ਉਨ੍ਹਾਂ ਤੋਂ ਕਈ ਸੈਸ਼ਨਾਂ ਵਿਚ ਪੁੱਛ-ਪੜਤਾਲ ਕੀਤੀ ਗਈ ਸੀ ਤੇ ਪੀਐਮਐਲਏ (ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਸਬੰਧੀ ਕਾਨੂੰਨ) ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ।
ਅਧਿਕਾਰੀਆਂ ਨੇ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਤੋਂ ਪੁੱਛ-ਪੜਤਾਲ ਸੋਮਵਾਰ ਮੁਕੰਮਲ ਨਹੀਂ ਹੋ ਸਕੀ ਸੀ, ਇਸ ਲਈ ਅੱਜ ਸੱਦਿਆ ਗਿਆ ਸੀ। ਏਜੰਸੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਰਾਹੁਲ ਗਾਂਧੀ ਨੇ ਆਪਣਾ ਬਿਆਨ ਦਰਜ ਕਰਾਉਣ ਤੋਂ ਬਾਅਦ ਦਸਤਾਵੇਜ਼ਾਂ ਨੂੰ ਬਾਰੀਕੀ ਨਾਲ ਦੇਖਿਆ। ਕਾਂਗਰਸ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਜਾਂਚਕਰਤਾਵਾਂ ਨੇ ਪੁੱਛ-ਪੜਤਾਲ ਦੌਰਾਨ ਕਈ ਵਾਰ ‘ਬਰੇਕ’ ਲਈ। ਕੇਸ ਦੀ ਜਾਂਚ ਸਹਾਇਕ ਡਾਇਰੈਕਟਰ ਪੱਧਰ ਦਾ ਈਡੀ ਅਧਿਕਾਰੀ ਕਰ ਰਿਹਾ ਹੈ। ਇਹ ਕੇਸ ‘ਨੈਸ਼ਨਲ ਹੈਰਾਲਡ’ ਅਖ਼ਬਾਰ ਨੂੰ ਚਲਾਉਣ ਤੇ ਕਾਂਗਰਸ ਵੱਲੋਂ ਐਸੋਸੀਏਟਡ ਜਨਰਲ (ਏਜੇਐਲ) ਨੂੰ ਦਿੱਤੇ ਗਏ ਕਰਜ਼ੇ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਖ਼ਬਰ ਮੀਡੀਆ ਕੰਪਨੀ ਵਿਚ ਅੰਦਰਖਾਤੇ ਹੋਏ ਲੈਣ-ਦੇਣ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਕੇਸ ਤਹਿਤ ਦੋਸ਼ ਹਨ ਕਿ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਵਿੱਤੀ ਬੇਨਿਯਮੀਆਂ ਹੋਈਆਂ ਹਨ ਜਿਸ ਨੂੰ ਕਿ ਕਾਂਗਰਸ ਵੱਲੋਂ ਪ੍ਰਮੋਟ ਕੀਤਾ ਜਾ ਰਿਹਾ ਸੀ। ਇਹੀ ਕੰਪਨੀ ‘ਨੈਸ਼ਨਲ ਹੈਰਾਲਡ’ ਅਖ਼ਬਾਰ ਦੀ ਮਾਲਕ ਹੈ। ਇਸ ਅਖ਼ਬਾਰ ਨੂੰ ਏਜੇਐਲ ਪ੍ਰਕਾਸ਼ਿਤ ਕਰ ਰਹੀ ਹੈ। -ਪੀਟੀਆਈ
ਨੈਸ਼ਨਲ ਹੈਰਾਲਡ ਕੇਸ ਵਿਚ ਕੋਈ ਮਨੀ-ਲਾਂਡਰਿੰਗ ਨਹੀਂ ਹੋਈ: ਬਘੇਲ
ਕਾਂਗਰਸ ਹੈੱਡਕੁਆਰਟਰ ’ਤੇ ਅੱਜ ਗਾਂਧੀ ਭੈਣ-ਭਰਾਵਾਂ ਨੂੰ ਮਿਲਣ ਮਗਰੋਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ‘ਨੈਸ਼ਨਲ ਹੈਰਾਲਡ ਕੇਸ ਵਿਚ ਕੋਈ ਮਨੀ ਲਾਂਡਰਿੰਗ ਨਹੀਂ ਹੋਈ ਹੈ ਤੇ ਕੇਂਦਰੀ ਏਜੰਸੀਆਂ ਸਰਕਾਰ ਦੇ ਕਹਿਣ ਉਤੇ ਚੱਲ ਰਹੀਆਂ ਹਨ।’ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਗਾਂਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਪੁਲੀਸ ਨੇ ਅੱਜ ਉਨ੍ਹਾਂ ਨੂੰ ਵੀ ਕਾਂਗਰਸ ਦਫ਼ਤਰ ਜਾਣ ਤੋਂ ਰੋਕਿਆ। -ਪੀਟੀਆਈ
ਵਿਰੋਧੀ ਧਿਰ ਦੇ ਰੋਸ ਪ੍ਰਦਰਸ਼ਨ ਮਹਿਜ਼ ‘ਡਰਾਮਾ’: ਭਾਜਪਾ
ਭਾਜਪਾ ਨੇ ਵਿਰੋਧੀ ਧਿਰ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਸੜਕਾਂ ਜਾਮ ਕਰ ਰਹੇ ਹਨ ਤੇ ਉਨ੍ਹਾਂ ਦੇ ਰੋਸ ਪ੍ਰਦਰਸ਼ਨ ਮਹਿਜ਼ ‘ਡਰਾਮਾ’ ਹਨ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸੀ ਸੜਕਾਂ ਜਾਮ ਕਰ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਉਹ ‘ਆਪਣੇ ਆਗੂਆਂ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਹਨ।’ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਰਾਹੁਲ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੂੰ ‘ਪਹਿਲਾਂ ਭ੍ਰਿਸ਼ਟਾਚਾਰ ਦੇ ਕੇਸ ਵਿਚ ਈਡੀ ਦੇ ਸਵਾਲਾਂ ਦੇ ਸਹੀ ਜਵਾਬ ਦੇਣੇ ਚਾਹੀਦੇ ਹਨ।’
ਕੀ ਕੇਂਦਰ ਸਰਕਾਰ ਐਫਆਈਆਰ ਦਿਖਾ ਸਕਦੀ ਹੈ?: ਚਿਦੰਬਰਮ
ਨਵੀਂ ਦਿੱਲੀ: ਈਡੀ ਵੱਲੋਂ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ’ਤੇ ਸਵਾਲ ਉਠਾਉਂਦਿਆਂ ਸੀਨੀਅਰ ਕਾਂਗਰਸ ਆਗੂ ਪੀ. ਚਿਦੰਬਰਮ ਨੇ ਅੱਜ ਭਾਜਪਾ ਤੋਂ ਐਫਆਈਆਰ ਦਿਖਾਉਣ ਦੀ ਮੰਗ ਕੀਤੀ। ਟਵੀਟ ਕਰਦਿਆਂ ਸਾਬਕਾ ਵਿੱਤ ਮੰਤਰੀ ਨੇ ਕਿਹਾ, ‘ਕੀ ਭਾਜਪਾ ਦੇ ਮਾਹਿਰ ਬੁਲਾਰੇ ਦੱਸਣਗੇ ਕਿ ਪੀਐਮਐਲਏ ਤਹਿਤ ਕਿਹੜਾ ਸੂਚੀਬੱਧ ਅਪਰਾਧ ਕੀਤਾ ਗਿਆ ਹੈ ਜਿਸ ਨੇ ਈਡੀ ਨੂੰ ਇਹ ਜਾਂਚ ਸ਼ੁਰੂ ਕਰਨ ਲਈ ਮਜਬੂਰ ਕੀਤਾ ਹੈ? ਮਾਮਲੇ ਵਿਚ ਕਿਹੜੀ ਪੁਲੀਸ ਨੇ ਇਸ ਸੂਚੀਬੱਧ ਅਪਰਾਧ ਤਹਿਤ ਐਫਆਈਆਰ ਦਰਜ ਕੀਤੀ ਹੈ?’ ਚਿਦੰਬਰਮ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਐਫਈਆਰ ਦੀ ਨਕਲ ਦਿਖਾਈ ਜਾਵੇ। ਉਨ੍ਹਾਂ ਕਿਹਾ ਕਿ ਅਪਰਾਧ ਤੇ ਐਫਆਈਆਰ ਤੋਂ ਬਿਨਾਂ ਈਡੀ ਨੂੰ ਪੀਐਮਐਲਏ ਤਹਿਤ ਜਾਂਚ ਕਰਨ ਦਾ ਕੋਈ ਹੱਕ ਨਹੀਂ ਹੈ। -ਆਈਏਐਨਐੱਸ