ਨਵੀਂ ਦਿੱਲੀ, 24 ਜਨਵਰੀ
ਕੌਮੀ ਬਾਲੜੀ ਦਿਵਸ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੜਕੀਆਂ ਨੂੰ ਸਮਰੱਥ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਸਿੱਖਿਆ, ਵਧੀਆ ਸਿਹਤ ਸੰਭਾਲ ਅਤੇ ਲਿੰਗ ਸੰਵੇਦਨਸ਼ੀਲਤਾ ’ਚ ਸੁਧਾਰ ਸਣੇ ਕਈ ਅਹਿਮ ਉਪਰਾਲੇ ਕੀਤੇ ਗਏ ਹਨ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਅੱਜ ਮਨਾਏ ਗਏ ਕੌਮੀ ਬਾਲੜੀ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘ਕੌਮੀ ਬਾਲੜੀ ਦਿਵਸ ਮੌਕੇ ਅਸੀਂ ਦੇਸ਼ ਦੀਆਂ ਬੇਟੀਆਂ ਅਤੇ ਵੱਖ-ਵੱਖ ਖੇਤਰਾਂ ’ਚ ਸਥਾਪਤ ਧੀਆਂ ਨੂੰ ਸਲਾਮ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅੱਜ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰਨ ਦਾ ਵੀ ਦਿਨ ਹੈ ਜੋ ਬੱਚੀਆਂ ਨੂੰ ਸਮਰੱਥ ਬਣਾਉਣ ਲਈ ਕੰਮ ਕਰ ਰਹੇ ਹਨ।’
ਇਸੇ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਟਵਿੱਟਰ ’ਤੇ ਆਪਣੀਆਂ ਬੇਟੀਆਂ ਨਾਲ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ, ‘ਮੇਰੀਆਂ ਧੀਆਂ ਮੇਰਾ ਮਾਣ ਹਨ।’ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ਬੇਟੀ ਨਾਲ ਪੋਸਟ ਕੀਤੀ ਤਸਵੀਰ ਨਾਲ ਲਿਖਿਆ, ‘ਇੱਕ ਖਾਸ ਖੁਸ਼ੀ, ਇੱਕ ਅਨੋਖਾ ਰਿਸ਼ਤਾ। ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਸਾਨੂੰ ਹਮੇਸ਼ਾ ਮਾਣ ਹੁੰਦਾ ਹੈ।’ ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ ਕਿ ਤਿੰਨ ਧੀਆਂ ਦੇ ਪਿਤਾ ਹੋਣ ’ਤੇ ਉਹ ਖ਼ੁਦ ਨੂੰ ਖੁਸ਼ਕਿਸਮਤ ਸਮਝਦੇ ਹਨ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਆਪਣੇ ਦੋਵੇਂ ਬੱਚਿਆਂ ਨਾਲ ਤਸਵੀਰ ਸਾਂਝੀ ਕਰਦਿਆਂ ਲੜਕੇ ਅਤੇ ਲੜਕੀਆਂ ਨੂੰ ਬਰਾਬਰ ਸਮਝਣ ਦੀ ਅਪੀਲ ਕੀਤੀ। -ਪੀਟੀਆਈ