ਚੰਡੀਗੜ੍ਹ, (ਟ੍ਰਿਬਿਊਨ ਨਿਊਜ਼ ਸਰਵਿਸ): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਪੀਐੱਚਡੀ ਦੀ ਵਿਦਿਆਰਥਣ ਅਤੇ ਪਿੰਜਰਾ ਤੋੜ ਮੁਹਿੰਮ ਤੇ ਜਮਹੂਰੀ ਹੱਕਾਂ ਬਾਰੇ ਕਾਰਕੁਨ ਨਤਾਸ਼ਾ ਨਰਵਾਲ ਦੇ ਪਿਤਾ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮਹਾਂਵੀਰ ਨਰਵਾਲ ਦਾ ਅੱਜ ਰੋਹਤਕ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ ਬੀਤੇ ਦਿਨਾਂ ਤੋਂ ਕਰੋਨਾ ਤੋਂ ਪੀੜਤ ਸਨ। ਉਨ੍ਹਾਂ ਦੀ ਧੀ ਨਤਾਸ਼ਾ ਨਰਵਾਲ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ’ਤੇ ਯੂਏਪੀਏ ਲਾਇਆ ਗਿਆ ਹੈ। ਉਸ ਵੱਲੋਂ ਆਪਣੇ ਪਿਤਾ ਨੂੰ ਮਿਲਣ ਲਈ ਜ਼ਮਾਨਤ ਦੇ ਯਤਨ ਕੀਤੇ ਗਏ ਪਰ ਉਸ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ। ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਨੇ ਪ੍ਰੋ. ਮਹਾਂਵੀਰ ਨਰਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਤਾਸ਼ਾ ਨਰਵਾਲ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।