ਨਵੀਂ ਦਿੱਲੀ, 10 ਮਈ
ਦਿੱਲੀ ਹਾਈ ਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਿਰਸਟੀ (ਜੇਐੱਨਯੂ) ਦੀ ਵਿਦਿਆਰਥਣ ਨਤਾਸ਼ਾ ਨਰਵਾਲ ਨੂੰ ਆਪਣੇ ਪਿਤਾ, ਜਿਨ੍ਹਾਂ ਦੀ ਕਰੋਨਾ ਕਾਰਨ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ, ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਜ਼ਮਾਨਤ ਦੇ ਦਿੱਤੀ ਹੈ। ਨਤਾਸ਼ਾ ਨੂੰ ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਸਟਿਸ ਸਿਧਾਰਥ ਮ੍ਰਿਦੁਲ ਅਤੇ ਏ.ਜੇ. ਭੰਬਾਨੀ ਦੇ ਬੈਂਚ ਵੱਲੋਂ ਨਤਾਸ਼ਾ ਨਰਵਾਲ, ਜੋ ਕਿ ਪਿੰਜਰਾ ਤੋੜ ਜਥੇਬੰਦੀ ਦੀ ਕਾਰਕੁਨ ਹੈ, ਨੂੰ 50 ਹਜ਼ਾਰ ਰੁਪਏ ਦੇ ਮੁਚੱਲਕੇ ’ਤੇ ਤਿੰਨ ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ਵੱਲੋਂ ਨਤਾਸ਼ਾ ਨੂੰ ਇਹ ਰਾਹਤ ਇਸ ਕਰਕੇ ਦਿੱਤੀ ਗਈ ਕਿਉਂਕਿ ਉਸ ਦਾ ਭਰਾ ਵੀ ਕਰੋਨਾ ਲਾਗ ਤੋਂ ਪੀੜਤ ਹੈ ਅਤੇ ਵਕੀਲ ਅਦਿਤ ਐੱਸ. ਪੁਜਾਰੀ ਰਾਹੀਂ ਦਾਖ਼ਲ ਉਸਦੀ ਜ਼ਮਾਨਤ ਅਰਜ਼ੀ ਦਾ ਸਰਕਾਰੀ ਵਕੀਲ ਵੱਲੋਂ ਵੀ ਵਿਰੋਧ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ‘ਪਿੰਜਰਾ ਤੋੜ’ ਦੀ ਸਥਾਪਨਾ ਪੀ.ਜੀ. ਅਤੇ ਹੋਸਟਲਾਂ ’ਚ ਵਿਦਿਆਰਥਣਾਂ ’ਤੇ ਲਾਗੂ ਪਾਬੰਦੀਆਂ ਘਟਵਾਉਣ ਦੇ ਮਕਸਦ ਨਾਲ 2015 ਵਿੱਚ ਕੀਤੀ ਗਈ ਸੀ। -ਪੀਟੀਆਈ