ਨਵੀਂ ਦਿੱਲੀ: ਦਿੱਲੀ ਦੰਗਿਆਂ ਦੇ ਕੇਸ ਵਿਚ ਤਿੰਨ ਵਿਦਿਆਰਥੀ ਕਾਰਕੁਨਾਂ ਨੂੰ ਜ਼ਮਾਨਤ ਦੇਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਭਲਕੇ ਸੁਣਵਾਈ ਕਰੇਗਾ। ਹਾਈ ਕੋਰਟ ਵੱਲੋਂ ਜ਼ਮਾਨਤ ਮਨਜ਼ੂਰ ਕਰਨ ਦੇ ਫ਼ੈਸਲੇ ਨੂੰ ਦਿੱਲੀ ਪੁਲੀਸ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਸਿਖ਼ਰਲੀ ਅਦਾਲਤ ਨੇ 18 ਜੂਨ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਮਾਮਲੇ ’ਚ ਯੂਏਪੀਏ ਬਾਰੇ ਟਿੱਪਣੀਆਂ ਕਰਨ ’ਤੇ ਨਾਖ਼ੁਸ਼ੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅਦਾਲਤ ਦੇ ਫ਼ੈਸਲਿਆਂ ਨਾਲ ਕੋਈ ਪਿਰਤ ਨਹੀਂ ਪਾਈ ਜਾਣੀ ਚਾਹੀਦੀ ਜਿਸ ਦਾ ਕੋਈ ਵੀ ਧਿਰ ਭਵਿੱਖ ਵਿਚ ਹਵਾਲਾ ਦਿੰਦੀ ਰਹੇ। ਸੁਪਰੀਮ ਕੋਰਟ ਨੇ ਪੁਲੀਸ ਦੀ ਅਪੀਲ ਸੁਣਨ ’ਤੇ ਸਹਿਮਤੀ ਦੇ ਦਿੱਤੀ ਸੀ। ਇਸ ਮਾਮਲੇ ਵਿਚ ਜੇਐੱਨਯੂ ਦੇ ਵਿਦਿਆਰਥੀਆਂ ਨਤਾਸ਼ਾ ਨਰਵਾਲ ਤੇ ਦੇਵਾਂਗਨਾ ਕਾਲੀਤਾ ਅਤੇ ਜਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਸੀ। -ਪੀਟੀਆਈ