ਮੁਜ਼ੱਫਰਨਗਰ (ਯੂਪੀ), 17 ਜੁਲਾਈ
ਮੁਜ਼ੱਫਰਨਗਰ ਦੀ ਇੱਕ ਸਥਾਨਕ ਅਦਾਲਤ ਨੇ ਚੌਧਰੀ ਜਗਬੀਰ ਸਿੰਘ ਦੇ ਕਤਲ ਕੇਸ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੂੰ ਬਰੀ ਕਰ ਦਿੱਤਾ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਸ਼ੋਕ ਕੁਮਾਰ ਨੇ ਮੁਲਜ਼ਮ ਨਰੇਸ਼ ਟਿਕੈਤ ਨੂੰ ਬਰੀ ਕਰਦਿਆਂ ਕਿਹਾ ਕਿ ਇਸਤਗਾਸਾ ਧਿਰ ਆਪਣੇ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਜ਼ਿਕਰਯੋਗ ਹੈ ਕਿ 6 ਸਤੰਬਰ 2003 ਨੂੰ ਮੁਜ਼ੱਫਰਨਗਰ ਦੇ ਭੋਰਾਕਲਾਂ ਥਾਣੇ ਅਧੀਨ ਪੈਂਦੇ ਪਿੰਡ ਅਹਲਾਵਲਪੁਰ ਵਿੱਚ ਕੌਮੀ ਕਿਸਾਨ ਮੋਰਚਾ ਦੇ ਪ੍ਰਧਾਨ ਚੌਧਰੀ ਜਗਬੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਗਰੋਂ ਕਿਸਾਨ ਆਗੂ ਦੇ ਪੁੱਤਰ ਯੋਗਰਾਜ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਨਰੇਸ਼ ਟਿਕੈਤ, ਬਿੱਟੂ ਅਤੇ ਪ੍ਰਵੀਨ ਖ਼ਿਲਾਫ਼ ਕੇਸ ਦਰਜ ਕੀਤਾ ਸੀ। -ਪੀਟੀਆਈ