ਨਵੀਂ ਦਿੱਲੀ: ਪੈਗਾਸਸ ਜਾਸੂਸੀ ਕਾਂਡ ਨਾਲ ਹੁਣ ਹੋਰ ਕਾਰੋਬਾਰੀਆਂ ਤੇ ਨੌਕਰਸ਼ਾਹਾਂ ਦੇ ਨਾਂ ਵੀ ਜੁੜ ਗਏ ਹਨ। ਸੂਚੀ ਵਿਚ ਜੈੱਟ ਏਅਰਵੇਜ਼ ਦੇ ਮੁਖੀ ਰਹੇ ਨਰੇਸ਼ ਗੋਇਲ, ਜਨਤਕ ਖੇਤਰ ਦੀਆਂ ਕੰਪਨੀਆਂ ਦੇ ਕਈ ਸਾਬਕਾ ਮੁਖੀਆਂ ਦੇ ਨਾਂ ਵੀ ਹਨ। ‘ਗੇਲ ਇੰਡੀਆ’ ਦੇ ਸਾਬਕਾ ਮੁਖੀ ਬੀ.ਸੀ. ਤ੍ਰਿਪਾਠੀ ਦਾ ਫੋਨ ਨੰਬਰ ਵੀ ਸੂਚੀ ਵਿਚ ਮਿਲਿਆ ਹੈ। ਖ਼ਬਰ ਵੈੱਬਸਾਈਟ ‘ਦਿ ਵਾਇਰ’ ਮੁਤਾਬਕ ਗੋਇਲ ਤੋਂ ਇਲਾਵਾ ਸਪਾਈਸ ਜੈੱਟ ਦੇ ਚੇਅਰਮੈਨ ਤੇ ਐਮਡੀ ਅਜੈ ਸਿੰਘ ਤੇ ‘ਐੱਸਾਰ ਗਰੁੱਪ’ ਦੇ ਪ੍ਰਸ਼ਾਂਤ ਰੂਈਆ ਦਾ ਨੰਬਰ ਵੀ ਫੋਨ ਨੰਬਰਾਂ ਦੇ ਡੇਟਾਬੇਸ ਵਿਚ ਮਿਲਿਆ ਹੈ। ਹਾਲਾਂਕਿ ਜਿਹੜੇ ਨੰਬਰ ਸੂਚੀ ਵਿਚ ਹਨ, ਉਨ੍ਹਾਂ ਬਾਰੇ ਯਕੀਨੀ ਤੌਰ ਉਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਨੂੰ ਜਾਸੂਸੀ (ਪੈਗਾਸਸ ਸਾਫ਼ਟਵੇਅਰ) ਦੇ ਘੇਰੇ ਵਿਚ ਲਿਆਂਦਾ ਗਿਆ ਹੈ ਜਾਂ ਨਹੀਂ।
ਸੂਚੀ ਵਿਚ ਕਈ ਹੋਰ ਕਾਰੋਬਾਰੀਆਂ ਤੇ ਕੰਪਨੀ ਅਧਿਕਾਰੀਆਂ ਦੇ ਨੰਬਰ ਵੀ ਮਿਲੇ ਹਨ ਜੋ ਕਿਸੇ ਨਾ ਕਿਸੇ ਕਾਰਨ ਕਾਨੂੰਨੀ ਕਾਰਵਾਈ ਦੇ ਘੇਰੇ ਵਿਚ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਖ਼ਿਲਾਫ਼ ਕਰਜ਼ ਧੋਖਾਧੜੀ ਦੇ ਮਾਮਲੇ ਹਨ। ਰੋਟੋਮੈਕ ਪੈਨਸ ਦੇ ਵਿਕਰਮ ਕੋਠਾਰੀ ਤੇ ਉਨ੍ਹਾਂ ਦੇ ਪੁੱਤਰ ਰਾਹੁਲ, ਏਅਰਸੈੱਲ ਦੇ ਸਾਬਕਾ ਪ੍ਰਮੋਟਰ ਸੀ. ਸ਼ਿਵਸ਼ੰਕਰਨ ਦਾ ਨੰਬਰ ਵੀ ਸੂਚੀ ਵਿਚ ਹੈ। ਜੈੱਟ ਏਅਰਵੇਜ਼ ਦਾ ਸੰਸਥਾਪਕ ਵੀ ਪਿਛਲੇ ਸਾਲ ਈਡੀ ਦੀ ਜਾਂਚ ਦੇ ਘੇਰੇ ਵਿਚ ਸੀ। ਅਡਾਨੀ ਗਰੁੱਪ, ਐੱਸਾਰ ਗਰੁੱਪ ਦਾ ਇਕ ਅਧਿਕਾਰੀ ਵੀ ਪੈਗਾਸਸ ਕਾਂਡ ਦੇ ਘੇਰੇ ਵਿਚ ਪਾਇਆ ਗਿਆ ਹੈ। ਮਿਊਚੁਅਲ ਫੰਡ ਸਨਅਤ ਦੇ ਕਈ ਕਾਰਪੋਰੇਟ ਅਧਿਕਾਰੀਆਂ ਦੇ ਨੰਬਰ ਵੀ ਸੂਚੀ ਵਿਚ ਹਨ। ਇਹ ਕੰਪਨੀਆਂ ਫਰੈਂਕਲਿਨ ਟੈਂਪਲਟਨ, ਡੀਐੱਸਪੀ ਬਲੈਕਰੌਕ ਤੇ ਮੋਤੀਲਾਲ ਓਸਵਾਲ ਹਨ। ਦੋ ਨੰਬਰ ਜਿਨ੍ਹਾਂ ਵਿਚੋਂ ਇਕ ਐਲਆਈਸੀ ਦੇ ਸਾਬਕਾ ਬੌਸ ਦਾ ਹੈ ਤੇ ਦੂਜਾ ਗੁਜਰਾਤ ਨਰਮਦਾ ਵੈਲੀ ਖਾਦ ਕਾਰਪੋਰੇਸ਼ਨ ਦੇ ਡਾਇਰੈਕਟਰ ਦਾ ਹੈ, ਵੀ ਸੂਚੀ ਵਿਚ ਸ਼ਾਮਲ ਹਨ। -ਆਈਏਐਨਐੱਸ