ਨਵੀਂ ਦਿੱਲੀ, 24 ਜੁਲਾਈ
ਉਪ ਰਾਸ਼ਟਰਪਤੀ ਐਮ. ਵੈਂਕੱਈਆ ਨਾਇਡੂ ਨੇ ਨੌਜਵਾਨਾਂ ਨੂੰ ‘ਵੰਡ ਛਕਣ ਇੱਕ ਦੂਜੇ ਦਾ ਖਿਆਲ ਰੱਖਣ’ ਦੀ ਭਾਵਨਾ ਵਿਕਸਿਤ ਕਰਨ ’ਤੇ ਜ਼ੋਰ ਦਿੰਦਿਆਂ ਸਕੂਲਾਂ ਅਤੇ ਕਾਲਜਾਂ ਵਿੱਚ ਕਮਿਊਨਿਟੀ ਸਰਵਿਸ ਲਾਜ਼ਮੀ ਬਣਾਉਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਲੋਕ ਭਲਾਈ ਦੇ ਕਾਰਜਾਂ ਦੀ ਸਿੱਖਿਆ ਦਿੱਤੇ ਜਾਣ ਨਾਲ ਵਿਦਿਆਰਥੀਆਂ ਅੰਦਰ ਸੇਵਾ ਭਾਵਨਾ ਦੇ ਗੁਣ ਵਿਕਸਿਤ ਹੋਣਗੇ।
ਇੱਥੇ ‘ਇਸਕੋਨ’ ਦੇ ਸੰਸਥਾਪਕ ਦੀ ਜੀਵਨੀ ‘ਸਿੰਗ, ਡਾਂਸ ਐਂਡ ਪ੍ਰੇਅ: ਦਿ ਇੰਸਪੀਰੇਸ਼ਨਲ ਸਟੋਰੀ ਆਫ ਸਰਿਲਾ ਪ੍ਰਭੂਪਾੜਾ’ ਦੇ ਰਿਲੀਜ਼ ਸਮਾਗਮ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਸੱਭਿਅਤਾ ਏਕਤਾ, ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੀਆਂ ਵਿਸ਼ਵਵਿਆਪੀ ਕਦਰਾਂ ਕੀਮਤਾਂ ਦੀ ਨੁਮਾਇੰਦਗੀ ਕਰਦੀ ਹੈ. ਉਨ੍ਹਾਂ ਨੇ ਇਨ੍ਹਾਂ ਸਦੀਆਂ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਸੁਰੱਖਿਅਤ ਕਰਨ ਤੇ ਪ੍ਰਚਾਰਨ ਲਈ ‘ਅਧਿਆਤਮਕ ਸੁਰਜੀਤੀ’ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸਰਿਲਾ ਪ੍ਰਭੂਪਾੜਾ ਵਰਗੇ ਮਹਾਨ ਸੰਤਾਂ ਤੇ ਧਾਰਮਿਕ ਆਗੂਆਂ ਤੋਂ ਪ੍ਰੇਰਨਾ ਲੈਣ ਅਤੇ ਵਧੀਆ ਇਨਸਾਨ ਬਣਨ ਲਈ ਅਨੁਸ਼ਾਸਨ, ਮਿਹਨਤ, ਸਬਰ ਅਤੇ ਹਮਦਰਦੀ ਜਿਹੇ ਗੁਣ ਹਾਸਲ ਕਰਨ ਲਈ ਆਖਿਆ। ਉਪ ਰਾਸ਼ਟਰਪਤੀ ਸਕੱਤਰੇਤ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਕਿਹਾ, ‘‘ਤੁਹਾਨੂੰ ਜਾਤ, ਲਿੰਗ, ਧਰਮ ਤੇ ਖੇਤਰ ਦੀ ਤੰਗ ਸੋਚ ਤੋਂ ਉਪਰ ਉੱਠਣਾ ਅਤੇ ਸਮਾਜ ਵਿੱਚ ਏਕਤਾ, ਸਦਭਾਵਨਾ ਤੇ ਸ਼ਾਂਤੀ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ।’’
ਸਰਿਲਾ ਪ੍ਰਭੂਪਾੜਾ ਨੂੰ ਸਮਾਨਤਾਵਾਦੀ ਵਿਚਾਰਾਂ ਦਾ ਮਸ਼ਾਲਧਾਰਕ ਦੱਸਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਸਮਾਜ ਵੱਲੋਂ ਤਿਆਗੇ ਲੋਕਾਂ ਨੂੰ ਗਲੇ ਲਾਇਆ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਖੁਸ਼ੀ ਲਿਆਂਦੀ। -ਪੀਟੀਆਈ