ਨਾਗਪੁਰ, 1 ਅਗਸਤ
ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿਚ ਇਕ ਬਾਇਓ-ਸੀਐਨਜੀ ਪਲਾਂਟ ਵਿਚ ਹੋਏ ਧਮਾਕੇ ’ਚ ਪੰਜ ਵਰਕਰਾਂ ਦੀ ਮੌਤ ਹੋ ਗਈ। ਧਮਾਕਾ ਉਮਰੇਦ ਤਹਿਸੀਲ ਦੇ ਬੇਲਾ ਵਿਚ ਸਥਿਤ ਸ਼ੂਗਰ ਤੇ ਡਿਸਟਿਲਰੀ ਪਲਾਂਟ ਵਿਚ ਬਾਅਦ ਦੁਪਹਿਰ ਕਰੀਬ 2.15 ’ਤੇ ਹੋਇਆ। ਕੰਪਨੀ ਮਾਨਸ ਐਗਰੋ ਦੇ ਬੁਲਾਰੇ ਨੇ ਕਿਹਾ ਕਿ ਵੈਲਡਿੰਗ ਦੇ ਕੰਮ ਦੌਰਾਨ ਬਾਇਓਗੈਸ ਲੀਕ ਹੋ ਗਈ ਤੇ ਮਗਰੋਂ ਧਮਾਕਾ ਹੋਇਆ। ਮ੍ਰਿਤਕ ਕਿਸੇ ਠੇਕੇਦਾਰ ਲਈ ਕੰਮ ਕਰ ਰਹੇ ਸਨ ਤੇ ਸਿੱਧੇ ਤੌਰ ਉਤੇ ਕੰਪਨੀ ਦੇ ਮੁਲਾਜ਼ਮ ਨਹੀਂ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਪੁੱਤਰ ਸਾਰੰਗ ਗਡਕਰੀ ਕੰਪਨੀ ਵਿਚ ਡਾਇਰੈਕਟਰ ਹੈ। ਮ੍ਰਿਤਕ 21-42 ਸਾਲ ਉਮਰ ਵਰਗ ਦੇ ਹਨ ਤੇ ਸਾਰੇ ਵਡਗਾਓਂ ਪਿੰਡ ਦੇ ਵਾਸੀ ਹਨ। ਧਮਾਕੇ ਤੋਂ ਬਾਅਦ ਪਲਾਂਟ ਵਿਚੋਂ ਕਾਫ਼ੀ ਦੇਰ ਤੱਕ ਧੂੰਆਂ ਨਿਕਲਦਾ ਰਿਹਾ। ਸਾਰੇ ਪੰਜ ਵਰਕਰ ਧਮਾਕੇ ਵਿਚ ਕਾਫ਼ੀ ਹੱਦ ਤੱਕ ਸੜ ਗਏ ਤੇ ਮੌਕੇ ਉਤੇ ਹੀ ਮੌਤ ਹੋ ਗਈ। ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ। -ਪੀਟੀਆਈ