ਟ੍ਰਿਬਿਊਨ ਨਿਊਜ਼ ਸਰਵਿਸ
ਕੋਹਿਮਾ, 11 ਦਸੰਬਰ
ਇੱਥੇ ਅੱਜ ਮੋਨ ਵਿੱਚ ਵੱਡੇ ਪੱਧਰ ’ਤੇ ਕੀਤੇ ਗਏ ਰੋਸ ਮੁਜ਼ਾਹਰਿਆਂ ਦੌਰਾਨ ਰੋਹ ਵਿੱਚ ਆਏ ਸਥਾਨਕ ਵਾਸੀਆਂ ਨੇ ਮੁਲਕ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਹਫ਼ਤੇ ਉਨ੍ਹਾਂ ਵੱਲੋਂ ਸੰਸਦ ਵਿੱਚ ਇਸ ਘਟਨਾ ਬਾਰੇ ਦਿੱਤੇ ਝੂਠੇ ਤੇ ਗਲਤ ਬਿਆਨ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਹਫ਼ਤਾ ਪਹਿਲਾਂ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਫ਼ੌਜੀਆਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਛੇ ਜਣਿਆਂ ਦੀ ਮੌਤ ਹੋ ਗਈ ਸੀ ਜਦਕਿ ਬਾਅਦ ’ਚ ਸੁਰੱਖਿਆ ਬਲਾਂ ਤੇ ਸਥਾਨਕ ਲੋਕਾਂ ’ਚ ਹੋਈ ਮੁੱਠਭੇੜ ਵਿੱਚ ਸੱਤ ਹੋਰ ਜਣੇ ਮਾਰੇ ਗਏ ਸਨ ਜਦਕਿ ਇੱਕ ਫ਼ੌਜੀ ਦੀ ਵੀ ਮੌਤ ਹੋ ਗਈ ਸੀ।
ਇਸ ਮੌਕੇ ਅੱਜ ਮੁਜ਼ਾਹਰਾਕਾਰੀਆਂ ਨੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ‘ਅਫਸਪਾ’ ਦੀ ਲਗਾਤਾਰ ਕੀਤੀ ਜਾ ਰਹੀ ਦੁਰਵਰਤੋਂ ’ਤੇ ਵੀ ਗੁੱਸਾ ਕੱਢਿਆ। ਉਨ੍ਹਾਂ ਮੁਤਾਬਕ ਕਥਿਤ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਇਸ ਐਕਟ ਦਾ ਸਹਾਰਾ ਲਿਆ ਜਾ ਸਕਦਾ ਹੈ। ਇਨ੍ਹਾਂ ਮੁਜ਼ਾਹਰਾਕਾਰੀਆਂ ’ਚ ਓਟਿੰਗ ਪਿੰਡ ਦੇ ਵਸਨੀਕ ਸ਼ਾਮਲ ਸਨ। ਇਸ ਗੋਲੀਬਾਰੀ ਦੀ ਘਟਨਾ ਵਿੱਚ ਮਰਨ ਵਾਲੇ 14 ਜਣਿਆਂ ’ਚੋਂ 12 ਜਣੇ ਇਸੇੇ ਪਿੰਡ ਦੇ ਹੀ ਰਹਿਣ ਵਾਲੇ ਸਨ। ਇਸ ਮੌਕੇ ਮੁਜ਼ਾਹਰੇ ਦੀ ਅਗਵਾਈ ਕਬਾਇਲੀਆਂ ਦੀ ਸਭ ਤੋਂ ਵੱਡੀ ਜਥੇਬੰਦੀ ਕੋਨਯਕ ਯੂਨੀਅਨ ਨੇ ਕੀਤੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਤੁਰੰਤ ਮੁਆਫ਼ੀ ਮੰਗਣ ਤੇ ਸੰਸਦ ਦੇ ਰਿਕਾਰਡ ’ਚੋਂ ਉਨ੍ਹਾਂ ਦਾ ਇਹ ਬਿਆਨ ਕੱਢਣ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਨਾਗਾਲੈਂਡ ਵਿੱਚ ਪਿਛਲੇ ਹਫ਼ਤੇ ਵਾਪਰੀ ਇਸ ਮੰਦਭਾਗੀ ਘਟਨਾ ਦੀ ਨਾਗਾਲੈਂਡ ਤੇ ਕੌਮੀ ਵਿਰੋਧੀ ਪਾਰਟੀਆਂ ਤੇ ਖ਼ਾਸ ਤੌਰ ’ਤੇ ਭਾਜਪਾ ਦੀ ਸੂਬਾਈ ਇਕਾਈ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।