ਨਵੀਂ ਦਿੱਲੀ, 31 ਅਕਤੂਬਰ
ਸਹਿਕਾਰੀ ਇਕਾਈ ਨੈਫੇਡ ਨੇ ਅੱਜ 15 ਹਜ਼ਾਰ ਟਨ ਪਿਆਜ਼ ਦੀ ਸਪਲਾਈ ਲਈ 20 ਨਵੰਬਰ ਤੱਕ ਦਰਾਮਦਕਾਰਾਂ ਤੋਂ ਬੋਲੀਆਂ ਮੰਗੀਆਂ ਹਨ।
ਦਰਾਮਦਕਾਰ ਆਪਣੀਆਂ ਬੋਲੀਆਂ ਚਾਰ ਨਵੰਬਰ ਤੱਕ ਜਮ੍ਹਾਂ ਕਰਵਾ ਸਕਦੇ ਹਨ। ਦੇਸ਼ ’ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਅਤੇ ਘਰੇਲੂ ਬਾਜ਼ਾਰ ’ਚ ਇਸ ਦੀ ਉਪਲੱਬਧਤਾ ਵਧਾਉਣ ਲਈ ਨੈਫੇਡ ਨੇ ਇਹ ਟੈਂਡਰ ਕੱਢਿਆ ਹੈ। ਨੈਫੇਡ ਦੇ ਟੈਂਡਰ ਅਨੁਸਾਰ ਦਰਾਮਦਕਾਰ 20 ਨਵੰਬਰ ਤੱਕ ਕਿਸੇ ਵੀ ਦੇਸ਼ ਤੋਂ 40 ਤੋਂ 60 ਮਿਲੀਮੀਟਰ ਆਕਾਰ ਦੇ ਲਾਲ ਪਿਆਜ਼ ਦੀ ਸਪਲਾਈ ਕਰ ਸਕਦੇ ਹਨ। ਇਸ ਪਿਆਜ਼ ਦੀ ਕੀਮਤ 50 ਰੁਪਏ ਪ੍ਰਤੀ ਕਿੱਲੋ ਤੱਕ ਹੋਣੀ ਚਾਹੀਦੀ ਹੈ। ਇਸ ਲਈ ਬੋਲੀਆਂ ਚਾਰ ਨਵੰਬਰ ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਦਰਾਮਦਕਾਰਾਂ ਨੂੰ ਪਿਆਜ਼ ਦੀ ਸਪਲਾਈ ਕਾਂਡਲਾ ਤੇ ਜਵਾਹਰਲਾਲ ਨਹਿਰੂ ਬੰਦਰਗਾਹ ’ਤੇ ਕਰਨੀ ਪਵੇਗੀ। ਨੈਫੇਡ ਦੇ ਮੈਨੇਜਿੰਗ ਡਾਇਰੈਕਟਰ ਐੱਸਕੇ ਸਿੰਘ ਨੇ ਦੱਸਿਆ, ‘ਅਸੀਂ 15 ਹਜ਼ਾਰ ਟਨ ਲਾਲ ਪਿਆਜ਼ ਦੀ ਸਪਲਾਈ ਲਈ ਟੈਂਡਰ ਕੱਢਿਆ ਹੈ। ਇਹ ਘਰੇਲੂ ਬਾਜ਼ਾਰ ’ਚ ਪਿਆਜ਼ ਦੀ ਘਾਟ ਪੂਰੀ ਕਰਨ ’ਚ ਮਦਦ ਕਰੇਗਾ।’ -ਪੀਟੀਆਈ
ਗੋਆ ਸਰਕਾਰ 32 ਰੁਪਏ ਪ੍ਰਤੀ ਕਿਲੋ ਵੇਚੇਗੀ ਪਿਆਜ਼
ਪਣਜੀ: ਗੋਆ ਸਰਕਾਰ ਸੂਬੇ ’ਚ 3.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਇੱਕ ਵਿਸ਼ੇਸ਼ ਮੁਹਿੰਮ ਤਹਿਤ 32 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਮੁਹੱਈਆ ਕਰਵਾਏਗੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੋਆ ਸਰਕਾਰ ਨੇ ਨਾਸਿਕ ਦੇ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ (ਨੈਫੇਡ) ਤੋਂ 1045 ਮੀਟ੍ਰਿਕ ਟਨ ਪਿਆਜ਼ ਖਰੀਦਣ ਦਾ ਹੁਕਮ ਦਿੱਤਾ ਹੈ ਤੇ ਇਸ ਦੀ ਸਪਲਾਈ ਰਾਸ਼ਨ ਕਾਰਡ ਧਾਰਕਾਂ ਨੂੰ ਕੀਤੀ ਜਾਵੇਗੀ। -ਪੀਟੀਆਈ