ਪਟਨਾ, 30 ਜੁਲਾਈ
ਭਾਜਪਾ ਮੁਖੀ ਜੇ ਪੀ ਨੱਢਾ ਵੱਲੋਂ ਅੱਜ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਇਥੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੀ ਦੋ ਦਿਨਾ ਸਾਂਝੀ ਕੌਮੀ ਕਾਰਜਕਾਰਨੀ ਮੀਟਿੰਗ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਜੈ ਪ੍ਰਕਾਸ਼ ਨਰਾਇਣ ਕੌਮਾਂਤਰੀ ਹਵਾਈ ਅੱਡੇ ’ਤੇ ਉਪ ਮੁੱਖ ਮੰਤਰੀਆਂ ਤਾਰਕਿਸ਼ੋਰ ਪ੍ਰਸਾਦ ਤੇ ਰੇਣੂ ਦੇਵੀ, ਕੇਂਦਰੀ ਮੰਤਰੀ ਨਿਤਿਆਨੰਦ ਰਾਏ, ਸੂਬਾ ਭਾਜਪਾ ਮੁਖੀ ਸੰਜੈ ਜੈਸਵਾਲ ਤੇ ਸੂਬਾ ਕੈਬਨਿਟ ਮੰਤਰੀਆਂ ਨੇ ਸਵਾਗਤ ਕੀਤਾ। ਭਾਜਪਾ ਮੁਖੀ ਹਵਾਈ ਅੱਡੇ ਤੋਂ ਪਟਨਾ ਹਾਈ ਕੋਰਟ ਗਏ ਜਿੱਥੇ ਉਨ੍ਹਾਂ ਨੇ ਡਾ.ਬੀ ਆਰ ਅੰਬੇਡਕਰ ਦੇ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗਾਂਧੀ ਮੈਦਾਨ ਨੇੜੇ ਜੈ ਪ੍ਰਕਾਸ਼ ਨਰਾਇਣ ਦੇ ਬੁੱਤ ਤੱਕ ਰੋਡ ਸ਼ੋਅ ਕੱਢਿਆ। ਭਾਜਪਾ ਦੇ ਸੂਬਾ ਮੀਡੀਆ ਇੰਚਾਰਜ ਰਾਜੀਬ ਰੰਜਨ ਨੇ ਕਿਹਾ ਕਿ ਮੀਟਿੰਗ ਦੌਰਾਨ ਪਾਰਟੀ ਆਗੂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਸੈੱਲਾਂ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਨਗੇ। -ਪੀਟੀਆਈ
ਵਿਦਿਆਰਥੀਆਂ ਵੱਲੋਂ ਜੇਪੀ ਨੱਢਾ ਦਾ ਵਿਰੋਧ
ਭਾਜਪਾ ਪ੍ਰਧਾਨ ਜੇਪੀ ਨੱਢਾ ਜਦੋਂ ਪਟਨਾ ਕਾਲਜ ਪੁੱਜੇ ਤਾਂ ਵਿਦਿਆਰਥੀਆਂ ਨੇ ‘ਜੇਪੀ ਨੱਢਾ ਵਾਪਸ ਜਾਓ’ ਦੇ ਨਾਅਰੇ ਲਾਏ। ਉਨ੍ਹਾਂ ਮੰਗ ਕੀਤੀ ਕਿ ਪਟਨਾ ਯੂਨੀਵਰਸਿਟੀ ਨੂੰ ਕੇਂਦਰੀ ਦਰਜਾ ਦਿੱਤਾ ਜਾਵੇ। ਜੇਪੀ ਨੱਢਾ ਨੇ ਪਟਨਾ ਕਾਲਜ ਤੋਂ ਪੜ੍ਹਾਈ ਕੀਤੀ ਸੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਭਾਜਪਾ ਆਗੂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਇਸ ਮਾਮਲੇ ਵਿਚ ਕਿਸੇ ਵੀ ਵਿਦਿਆਰਥੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ।