ਜੋਧਪੁਰ, 9 ਅਗਸਤ
ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਖੇਤ ਵਿਚ ਅੱਜ ਸਵੇਰੇ ਪਾਕਿਸਤਾਨ ਹਿੰਦੂ ਸ਼ਰਨਾਰਥੀ ਪਰਿਵਾਰ ਦੇ 11 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਨੇ ਦੱਸਿਆ ਕਿ ਪਰਿਵਾਰ ਦਾ ਇਕ ਮੈਂਬਰ ਜ਼ਿੰਦਾ ਮਿਲਿਆ ਹੈ। ਇਹ ਲੋਕ ਦੇਚੂ ਖੇਤਰ ਦੇ ਪਿੰਡ ਲੋਦਟਾ ਵਿੱਚ ਝੌਪੜੀ ਵਿੱਚ ਰਹਿੰਦੇ ਸਨ। ਐੱਸਪੀ (ਦਿਹਾਤੀ) ਰਾਹੁਲ ਬਰਹਾਟ ਨੇ ਕਿਹਾ ਕਿ ਜ਼ਿੰਦਾ ਮਿਲੇ ਵਿਅਕਤੀ ਨੇ ਘਟਨਾ ਦੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਇਹ ਘਟਨਾ ਰਾਤ ਦੀ ਹੈ। ਐੱਸਪੀ ਨੇ ਕਿਹਾ, “ਸਾਨੂੰ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਹੈ ਪਰ ਅਜਿਹਾ ਲੱਗਦਾ ਹੈ ਕਿ ਸਾਰੇ ਪਰਿਵਾਰਕ ਮੈਂਬਰਾਂ ਨੇ ਰਾਤ ਨੂੰ ਕੁਝ ਰਸਾਇਣ ਖਾ ਕੇ ਖੁਦਕੁਸ਼ੀ ਕਰ ਲਈ ਹੈ। ਕਿਸੇ ਦੇ ਸਰੀਰ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ ਅਤੇ ਨਾ ਹੀ ਕਿਸੇ ਸਾਜਿਸ਼ ਦਾ ਕੋਈ ਸਬੂਤ ਹੈ ਪਰ ਅਸੀਂ ਫੋਰੈਂਸਿਕ ਟੀਮ ਅਤੇ ਸੂਹੀਆ ਕੁੱਤੇ ਸੱਦ ਲਏ ਹਨ।” ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਪਰਿਵਾਰ ਵਿੱਚ ਕੋਈ ਵਿਵਾਦ ਸੀ।