ਮੁੰਬਈ, 7 ਅਕਤੂਬਰ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਆਪਣੀਆਂ ਕੰਪਨੀਆਂ ’ਤੇ ਆਮਦਨ ਕਰ ਵਿਭਾਗ ਦੇ ਛਾਪਿਆਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਉਹ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਇਸ ਮਾਮਲੇ ਵਿੱਚ ਉਸ ਦੀਆਂ ਤਿੰਨ ਭੈਣਾਂ ਨੂੰ ਕਿਉਂ ਘਸੀਟਿਆ ਜਾ ਰਿਹਾ ਹੈ। ਪਵਾਰ, ਜੋ ਸੂਬਾਈ ਵਿੱਤ ਮੰਤਰੀ ਵੀ ਹਨ, ਨੇ ਕਿਹਾ ਕਿ ਉਸ ਨਾਲ ਸਬੰਧਤ ਕੁਝ ਕੰਪਨੀਆਂ ’ਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ,‘ਅਸੀਂ ਹਰ ਸਾਲ ਟੈਕਸ ਭਰਦੇ ਹਾਂ। ਵਿੱਤ ਮੰਤਰੀ ਬਣਨ ਮਗਰੋਂ ਮੈਂ ਵਿੱਤੀ ਮਾਮਲਿਆਂ ਬਾਰੇ ਚੌਕਸ ਰਹਿੰਦਾ ਹਾਂ। ਮੇਰੇ ਨਾਲ ਸਬੰਧਿਤ ਸਾਰੀਆਂ ਕੰਪਨੀਆਂ ਨੇ ਟੈਕਸ ਅਦਾ ਕੀਤੇ ਹਨ।’ ਉਨ੍ਹਾਂ ਕਿਹਾ ਕਿ ਉਸ ਦੀਆਂ ਤਿੰਨ ਭੈਣਾਂ ਜੋ ਇੱਕ ਕੋਲਹਾਪੁਰ ਤੇ ਦੋ ਪੁਣੇ ਵਿੱਚ ਰਹਿੰਦੀਆਂ ਹਨ, ਦੀਆਂ ਕੰਪਨੀਆਂ ਉੱਤੇ ਵੀ ਛਾਪੇ ਮਾਰੇ ਗਏ ਹਨ। ਉਨ੍ਹਾਂ ਕਿਹਾ,‘ਮੈਂ ਪ੍ਰੇਸ਼ਾਨ ਹਾਂ ਕਿਉਂਕਿ 35 ਤੋਂ 40 ਸਾਲ ਪਹਿਲਾਂ ਵਿਆਹੀਆਂ ਮੇਰੀਆਂ ਭੈਣਾਂ ’ਤੇ ਵੀ ਛਾਪੇ ਮਾਰੇ ਗਏ। ਜੇ ਏਜੰਸੀਆਂ ਨੇ ਪਵਾਰ ਦੇ ਰਿਸ਼ਤੇਦਾਰਾਂ ਹੋਣ ਦੇ ਨਾਤੇ ਛਾਪੇ ਮਾਰੇ ਹਨ ਤਾਂ ਲੋਕਾਂ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਏਜੰਸੀਆਂ ਦੀ ਵਰਤੋਂ ਕਿਵੇਂ ਗ਼ਲਤ ਢੰਗ ਨਾਲ ਕੀਤੀ ਜਾਂਦੀ ਹੈ।’ ਐਨਸੀਪੀ ਆਗੂ, ਜਿਨ੍ਹਾਂ ਦੀ ਪਾਰਟੀ ਦਾ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਤੇ ਕਾਂਗਰਸ ਨਾਲ ਗੱਠਜੋੜ ਹੈ, ਨੇ ਕਿਹਾ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਾ ਨਾਂ ਵੀ ਬੈਂਕ ਕੇਸ ਵਿੱਚ ਘਸੀਟਿਆ ਗਿਆ ਸੀ। ਅਧਿਕਾਰਤ ਸੂਤਰਾਂ ਮੁਤਾਬਕ ਵੀਰਵਾਰ ਨੂੰ ਪਏ ਛਾਪਿਆਂ ਬਾਰੇ ਉਨ੍ਹਾਂ ਕਿਹਾ ਕਿ ਆਮਦਨ ਕਰ ਵਿਭਾਗ ਹੀ ਬਿਹਤਰ ਦੱਸ ਸਕਦਾ ਹੈ ਕਿ ਇਸ ਪਿੱਛੇ ਸਿਆਸੀ ਮੰਤਵ ਹੈ ਜਾਂ ਕੁਝ ਹੋਰ। -ਪੀਟੀਆਈ