ਗੁਹਾਟੀ, 25 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਅੱਜ ਇੱਥੇ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਗੋਗੋਈ ਉਨ੍ਹਾਂ ਦੇ ਗੁਰੂ ਸਨ। ਸ੍ਰੀ ਗਾਂਧੀ ਨੇ ਕਿਹਾ ਕਿ ਗੋਗੋਈ ਦਾ ਦੇਹਾਂਤ ਉਨ੍ਹਾਂ ਲਈ ਨਿੱਜੀ ਘਾਟਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੋਗੋਈ ਨਾਲ ਗੱਲ ਕਰਕੇ ਅਜਿਹਾ ਲੱਗਦਾ ਸੀ ਕਿ ਜਿਵੇਂ ਕੋਈ ਸਾਰੇ ਅਸਾਮ ਨਾਲ ਗੱਲਬਾਤ ਕਰ ਰਿਹਾ ਹੋਵੇ ਕਿਉਂਕਿ ਉਹ ਸਿਰਫ਼ ਅਸਾਮ ਤੇ ਉੱਥੋਂ ਦੇ ਲੋਕਾਂ ਦੀ ਗੱਲ ਹੀ ਕਰਦੇ ਸਨ। ਗੋਆ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਗੁਹਾਟੀ ਆਉਣ ਮਗਰੋਂ ਸ੍ਰੀ ਗਾਂਧੀ ਸਿੱਧੇ ਸ੍ਰੀਮੰਤ ਸ਼ੰਕਰਦੇਵ ਕਲਾਕਸ਼ੇਤਰ ਪਹੁੰਚੇ ਜਿੱਥੇ ਗੋਗੋਈ ਦੀ ਦੇਹ ਆਖਰੀ ਦਰਸ਼ਨਾਂ ਲਈ ਰੱਖੀ ਗਈ ਹੈ। ਉਨ੍ਹਾਂ ਗੋਗੋਈ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਗੋਗੋਈ ਸਿਰਫ਼ ਅਸਾਮ ਦੇ ਨੇਤਾ ਨਹੀਂ ਸਨ। ਉਹ ਬਿਹਤਰੀਨ ਮੁੱਖ ਮੰਤਰੀ ਤੇ ਕੌਮੀ ਨੇਤਾ ਸਨ। ਉਨ੍ਹਾਂ ਅਸਾਮ ਦੇ ਲੋਕਾਂ ਨੂੰ ਇੱਕ ਕਰਨ ਤੇ ਸੂਬੇ ’ਚ ਸ਼ਾਂਤੀ ਸਥਾਪਤ ਕਰਨ ਲਈ ਕੰਮ ਕੀਤਾ ਸੀ।’ -ਪੀਟੀਆਈ
ਰਾਹੁਲ ਵੱਲੋਂ ਭੇਜੀਆਂ ਹੜ੍ਹ ਰਾਹਤ ਕਿੱਟਾਂ ਲਾਵਾਰਸ ਮਿਲੀਆਂ
ਮਲੱਪੁਰਮ: ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਭੇਜੀਆਂ ਹੜ੍ਹ ਰਾਹਤ ਕਿੱਟਾਂ ਇੱਥੋਂ ਨੇੜਲੇ ਨੀਲੰਬੂਰ ’ਚ ਇੱਕ ਦੁਕਾਨ ’ਚ ਲਾਵਾਰਸ ਪਈਆਂ ਮਿਲੀਆਂ ਜਿਸ ਕਾਰਨ ਸਥਾਨਕ ਲੋਕਾਂ ਤੇ ਖੱਬੀਆਂ ਪਾਰਟੀਆਂ ਸਮੇਤ ਵੱਖ ਵੱਖ ਵਰਗਾਂ ਨੇ ਰੋਸ ਜ਼ਾਹਿਰ ਕੀਤਾ ਹੈ। ਇਨ੍ਹਾਂ ਕਿੱਟਾਂ ’ਚ ਖਾਣ-ਪੀਣ ਦਾ ਸਾਮਾਨ, ਕੱਪੜੇ ਤੇ ਹੋਰ ਸਾਮਾਨ ਸ਼ਾਮਲ ਹੈ। ਹਾਕਮ ਪਾਰਟੀ ਸੀਪੀਐੱਮ ਦੀ ਨੌਜਵਾਨ ਇਕਾਈ ਡੀਵਾਈਐੱਫਆਈ ਨੇ ਕਾਂਗਰਸ ਪਾਰਟੀ ਖ਼ਿਲਾਫ਼ ਰੋਸ ਮਾਰਚ ਕੱਢਦਿਆਂ ਪਾਰਟੀ ਦੇ ਆਗੂਆਂ ਨੂੰ ਲੋਕਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ। -ਪੀਟੀਆਈ