ਨਵੀਂ ਦਿੱਲੀ, 11 ਅਗਸਤ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ ਤੇ ਉਨ੍ਹਾਂ ਦਾ ਟੀਚਾ ਦੇਸ਼ ਵਿੱਚ ਇੱਕ ਦਿਨ ’ਚ ਸੌ ਕਿਲੋਮੀਟਰ ਸ਼ਾਹਰਾਹ ਦੇ ਨਿਰਮਾਣ ਦੀ ਰਫ਼ਤਾਰ ਹਾਸਲ ਕਰਨਾ ਹੈ। ਸਨਅਤੀ ਸੰਸਥਾ ਸੀਆਈਆਈ ਵੱਲੋਂ ਬੁੱਧਵਾਰ ਨੂੰ ਕਰਵਾਏ ਗਏ ਇੱਕ ਵਰਚੁਅਲ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੜਕ, ਟਰਾਂਸਪੋਰਟ ਅਤੇ ਸ਼ਾਹਰਾਹ ਮੰਤਰੀ ਨੇ ਕਿਹਾ ਕਿ ਕੰਮ ਵਿੱਚ ਹੋਣ ਵਾਲੀ ਦੇਰੀ ਅਤੇ ਸਹੀ ਸਮੇਂ ’ਤੇ ਫ਼ੈਸਲੇ ਨਾ ਲੈਣਾ ਤੇਜ਼ ਵਿਕਾਸ ਨਾ ਹੋਣ ਦੇ ਮੁੱਖ ਕਾਰਨ ਹਨ। ਉਨ੍ਹਾਂ ਕਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਬਹੁਤ ਜ਼ਰੂਰੀ ਹੈ ਤੇ ਕਰੋਨਾ ਮਹਾਮਾਰੀ ਦੌਰਾਨ ਵੀ ਅਸੀਂ ਦੇਸ਼ ਵਿੱਚ ਰੋਜ਼ਾਨਾ 38 ਕਿਲੋਮੀਟਰ ਸ਼ਾਹਰਾਹ ਦੀ ਉਸਾਰੀ ਕਰਵਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ, ‘ਮੈਂ ਵਰਤਮਾਨ ਸਥਿਤੀ ਤੋਂ ਸੰਤੁਸ਼ਟ ਨਹੀਂ ਹਾਂ ਤੇ ਇਸ ਰਫ਼ਤਾਰ ਨੂੰ ਰੋਜ਼ਾਨਾ 100 ਕਿਲੋਮੀਟਰ ਦੀ ਉਸਾਰੀ ਤੱਕ ਲਿਜਾਣਾ ਚਾਹੁੰਦਾ ਹਾਂ।’ -ਪੀਟੀਆਈ