ਭੁਪਾਲ/ਉਜੈਨ: ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਪਿੰਡ ਵਿਚ ਕਬਾੜ ਵੇਚਣ ਵਾਲੇ ਇਕ ਮੁਸਲਿਮ ਵਿਅਕਤੀ ਨੂੰ ਅੱਜ ਕਥਿਤ ਤੌਰ ’ਤੇ ਦੋ ਜਣਿਆਂ ਵੱਲੋਂ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਗਿਆ। ਘਟਨਾ ਤੋਂ ਬਾਅਦ ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਮਲ ਸਿੰਘ (22) ਤੇ ਈਸ਼ਵਰ ਸਿੰਘ (27) ਖ਼ਿਲਾਫ਼ ਕਈ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲੀਸ ਅਧਿਕਾਰੀ ਨੇ ਕਿਹਾ ਮਹੀਦਪੁਰ ਕਸਬੇ ਦੇ ਅਬਦੁਲ ਰਸ਼ੀਦ ਨੂੰ ਸਿਕਲੀ ਪਿੰਡ ਨੇੜੇ ਰੋਕਿਆ ਗਿਆ। ਉਹ ਉੱਥੇ ਆਪਣੇ ਮਿਨੀ ਟਰੱਕ ਉਤੇ ਕਬਾੜ ਲੈਣ ਗਿਆ ਸੀ। ਪਰ ਉਸ ਨੂੰ ਪਿੰਡ ਵਿਚੋਂ ਜਾਣ ਲਈ ਮਜਬੂਰ ਕੀਤਾ ਗਿਆ ਤੇ ਧਮਕੀ ਵੀ ਦਿੱਤੀ ਗਈ। ਰਸ਼ੀਦ ਨੂੰ ਕਿਹਾ ਗਿਆ ਕਿ ਉਹ ਇਸ ਇਲਾਕੇ ਵਿਚ ਕੰਮ ਨਾ ਕਰੇ। ਜਦ ਉਹ ਵਾਪਸ ਜਾਣ ਲੱਗਾ ਤਾਂ ਦੋ ਵਿਅਕਤੀਆਂ ਨੇ ਉਸ ਨੂੰ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ। ਅਬਦੁਲ ਰਸ਼ੀਦ ਉਨ੍ਹਾਂ ਦੀ ਗੱਲ ਮੰਨ ਕੇ ਕਿਸੇ ਤਰ੍ਹਾਂ ਉੱਥੋਂ ਨਿਕਲਿਆ। ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਕਮਲ ਨਾਥ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਇੰਦੌਰ ਤੇ ਦੇਵਾਸ ਵਿਚ ਵੀ ਹੋਈਆਂ ਹਨ। ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। -ਪੀਟੀਆਈ