ਗਾਜ਼ੀਆਬਾਦ, 4 ਜੁਲਾਈ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਸਾਰੇ ਭਾਰਤੀਆਂ ਦਾ ਡੀਐੱਨਏ ਇਕੋ ਹੈ। ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ‘ਖੌਫ਼ ਦੇ ਇਸ ਚੱਕਰ ਵਿੱਚ ਨਾ ਪੈਣ’ ਕਿ ਭਾਰਤ ਵਿੱਚ ਇਸਲਾਮ (ਧਰਮ) ਖਤਰੇ ਵਿੱਚ ਹੈ। ਮੁਸਲਿਮ ਰਾਸ਼ਟਰੀ ਮੰਚ ਵੱਲੋੋਂ ‘ਹਿੰਦੁਸਤਾਨੀ ਪਹਿਲਾਂ, ਹਿੰਦੁਸਤਾਨ ਪਹਿਲਾਂ’ ਵਿਸ਼ੇ ’ਤੇ ਅਧਾਰਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਅਕੀਦਤ ਕਰਨ ਦੇ ਢੰਗ ਤਰੀਕੇ ਦੇ ਅਧਾਰ ’ਤੇ ਨਿਖੇੜਿਆ ਨਹੀਂ ਜਾ ਸਕਦਾ। ਉਨ੍ਹਾਂ ਹਜੂਮੀ ਕਤਲਾਂ ’ਚ ਸ਼ਾਮਲ ਲੋਕਾਂ ਦੇ ਹਵਾਲੇ ਨਾਲ ਕਿਹਾ, ‘‘ਉਹ ਹਿੰਦੁਤਵ ਦੇ ਖ਼ਿਲਾਫ਼ ਹਨ।’’ ਆਰਐੱਸਐੱਸ ਮੁਖੀ ਨੇ ਹਾਲਾਂਕਿ ਨਾਲ ਹੀ ਕਿਹਾ ਕਿ ਕਈ ਵਾਰ ਕੁਝ ਲੋਕਾਂ ਖਿਲਾਫ਼ ਹਜੂਮੀ ਕਤਲਾਂ ਲਈ ਝੂਠੇ ਕੇਸ ਵੀ ਦਰਜ ਕੀਤੇ ਗਏ ਹਨ। -ਪੀਟੀਆਈ