ਗਾਂਧੀਨਗਰ, 3 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਗੁਜਰਾਤ ਵਿੱਚ 1,330 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਸਾਬਰਮਤੀ ਵਿੱਚ ਮਹਾਤਮਾ ਗਾਂਧੀ ਦੇ ਆਸ਼ਰਮ ਦਾ ਦੌਰਾ ਕੀਤਾ ਅਤੇ ਚਰਖਾ ਵੀ ਕੱਤਿਆ। ਇੱਥੇ ਇੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਸੂਬੇ ਦੇ ਉੱਦਮੀਆਂ ਨੇ ਦੁਨੀਆ ਵਿੱਚ ਭਾਰਤ ਦੀ ਵਿਲੱਖਣ ਪਛਾਣ ਬਣਾਈ ਹੈ। ਇਸ ਸਾਲ ਜੁਲਾਈ ’ਚ ਰਾਸ਼ਟਰਪਤੀ ਬਣਨ ਤੋਂ ਬਾਅਦ ਮੁਰਮੂ ਦਾ ਇਹ ਪਹਿਲਾ ਗੁਜਰਾਤ ਦੌਰਾ ਹੈ। ਉਨ੍ਹਾਂ ਕਿਹਾ, ‘‘ਗੁਜਰਾਤ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਹੈ। ਇੱਥੋਂ ਦੇ ਲੋਕਾਂ ਵਿੱਚ ਉੱਦਮਤਾ ਤੇ ਨਵੀਨਤਾ ਦਾ ਸੱਭਿਆਚਾਰ ਹੈ।” ਇਸ ਦੌਰਾਨ ਉਨ੍ਹਾਂ ਗੁਜਰਾਤ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਨਰਮਦਾ ਵਿੱਚ ਨਵੇਂ ਜੀਐੱਮਈਆਰਐੱਸ ਮੈਡੀਕਲ ਕਾਲਜ ਤੇ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ।
ਇਸੇ ਦੌਰਾਨ ਰਾਸ਼ਟਰਪਤੀ ਨੇ ਸਾਬਰਮਤੀ ਆਸ਼ਰਮ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਮਹਾਤਮਾ ਗਾਂਧੀ ਦੇ ਜੀਵਨ ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਆਸ਼ਰਮ ਵਿੱਚ ਚਰਖਾ ਵੀ ਕੱਤਿਆ। ਇੱਥੇ ਉਨ੍ਹਾਂ ਗੈਸਟ ਬੁੱਕ ਵਿੱਚ ਲਿਖਿਆ, ‘‘ਮਹਾਤਮਾ ਗਾਂਧੀ ਦੀ ਪਵਿੱਤਰ ‘ਤਪਸਥਲੀ’ ਆ ਕੇ ਮੈਨੂੰ ਪ੍ਰੇਰਨਾ ਮਿਲੀ ਹੈ। ਲੰਮੇ ਸਮੇਂ ਤੱਕ ਆਜ਼ਾਦੀ ਦੇ ਸੰਘਰਸ਼ ਦਾ ਕੇਂਦਰ ਰਹੇ ਇਸ ਕੰਪਲੈਕਸ ਵਿੱਚ ਆ ਕੇ ਮੈਨੂੰ ਸ਼ਾਂਤੀ ਦਾ ਅਹਿਸਾਸ ਹੋਇਆ ਹੈ।’’ ਇਸ ਦੌਰਾਨ ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਉਨ੍ਹਾਂ ਦੇ ਨਾਲ ਸਨ। -ਪੀਟੀਆਈ