ਮਨਧੀਰ ਦਿਓਲ
ਨਵੀਂ ਦਿੱਲੀ, 18 ਅਕਤੂਬਰ
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ 15 ਅਕਤੂਬਰ ਨੂੰ ਅਗਵਾ ਕੀਤੇ ਗਏ ਤਿੰਨ ਨਾਬਾਲਗ ਭਰਾਵਾਂ ਵਿੱਚੋਂ ਦੋ ਦੀ ਦਿੱਲੀ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਅਲਵਰ ਜ਼ਿਲ੍ਹੇ ਦੇ ਭਿਵੜੀ ਤੋਂ ਅਗਵਾ ਕੀਤੇ ਗਏ ਭਰਾ ਅੱਜ ਨਵੀਂ ਦਿੱਲੀ ਵਿੱਚ ਮ੍ਰਿਤਕ ਪਾਏ ਗਏ। ਤੀਜਾ ਭਰਾ ਸੁਰੱਖਿਅਤ ਹੈ ਅਤੇ ਇਸ ਸਮੇਂ ਦੱਖਣੀ ਦਿੱਲੀ ਦੇ ਲਾਜਪਤ ਨਗਰ ਸਥਿਤ ਚਿਲਡਰਨ ਹੋਮ ਵਿੱਚ ਹੈ। ਸਬਜ਼ੀ ਵਿਕਰੇਤਾ ਦੇ ਪੁੱਤਰਾਂ ਅਮਨ (13), ਵਿਪਿਨ (8) ਅਤੇ ਸ਼ਿਵ (7) ਨੂੰ 15 ਅਕਤੂਬਰ ਦੀ ਸ਼ਾਮ ਅਲਵਰ ਦੇ ਭਿਵੜੀ ਤੋਂ ਅਗਵਾ ਕਰ ਲਿਆ ਗਿਆ ਸੀ। ਬੱਚਿਆਂ ਨੂੰ ਦਿੱਲੀ ਲਿਆਇਆ ਮੁਲਜ਼ਮ ਪਰਿਵਾਰ ਦੇ ਘਰ ਦੇ ਨਾਲ ਹੀ ਰਹਿੰਦਾ ਹੈ। ਦੋਵੇਂ ਭਰਾ ਮੁਲਜ਼ਮ ਮਹਾਵੀਰ ਤੇਲੀ ਤੇ ਮਾਂਝਾ ਕੁਸ਼ਵਾਹਾ ਨੂੰ ਜਾਣਦੇ ਸਨ ਤੇ ਉਹ ਆਪਣੀ ਮਰਜ਼ੀ ਨਾਲ ਉਨ੍ਹਾਂ ਦੇ ਨਾਲ ਗਏ ਸਨ। ਬਾਅਦ ਵਿੱਚ ਰਾਤ ਨੂੰ ਉਹ ਡਰ ਗਏ ਤੇ ਰੋਣ ਲੱਗ ਪਏ। ਮੁਲਜ਼ਮਾਂ ਨੇ ਘਬਰਾਹਟ ਦੀ ਹਾਲਤ ਵਿੱਚ ਉਨ੍ਹਾਂ ਨੂੰ ਕੁੱਟਿਆ ਤੇ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ। ਲਾਸ਼ਾਂ ਨੂੰ ਉਹ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਦੇ ਪਿੱਛੇ ਸੁੱਟ ਗਏ। ਮੁਲਜ਼ਮਾਂ ਨੇ ਐਤਵਾਰ ਬੱਚਿਆਂ ਦੇ ਪਿਤਾ ਗਿਆਨ ਸਿੰਘ ਨੂੰ ਫੋਨ ਕਰਕੇ 8 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ। ਪੁਲੀਸ ਨੇ ਮੋਬਾਈਲ ਨੰਬਰ ਟਰੇਸ ਕਰਕੇ ਮੁਲਜ਼ਮਾਂ ਦੀ ਪਛਾਣ ਕਰ ਲਈ ਸੀ ਤੇ ਸੋਮਵਾਰ ਰਾਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੇ ਲਾਸ਼ਾਂ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਸੀ ਤੇ ਅੱਜ ਸਵੇਰੇ ਦਿੱਲੀ ਪੁਲੀਸ ਨੇ ਦੋ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ। ਤੀਜਾ ਭਰਾ ਸ਼ਿਵ ਬਚ ਨਿਕਲਿਆ ਸੀ। ਕੁਝ ਸਥਾਨਕ ਲੋਕਾਂ ਨੇ ਉਸ ਨੂੰ ਰੋਂਦੇ ਹੋਏ ਦੇਖਿਆ ਤੇ ਸਥਾਨਕ ਪੁਲੀਸ ਸਟੇਸ਼ਨ ਲੈ ਗਏ। ਦਿੱਲੀ ਪੁਲੀਸ ਨੇ ਕਿਹਾ ਕਿ ਐਤਵਾਰ ਸਵੇਰੇ ਅਹਿੰਸਾ ਸਥਲ ਪਿਕੇਟ ਦੇ ਕੋਲ ਇੱਕ ਲੜਕਾ ਮਿਲਿਆ ਤੇ ਬਾਅਦ ਵਿੱਚ ਉਸ ਦੀ ਪਛਾਣ ਸ਼ਿਵ ਵਜੋਂ ਹੋਈ। ਪੁਲੀਸ ਡਿਪਟੀ ਕਮਿਸ਼ਨਰ (ਦੱਖਣੀ ਦਿੱਲੀ) ਚੰਦਨ ਚੌਧਰੀ ਨੇ ਕਿਹਾ ਕਿ ਉਸ ਨੂੰ ਮਹਿਰੌਲੀ ਥਾਣੇ ਲਿਜਾਇਆ ਗਿਆ। ਉਹ ਆਪਣੇ ਤੇ ਆਪਣੇ ਪਿਤਾ ਦੇ ਨਾਵਾਂ ਤੋਂ ਇਲਾਵਾ ਕੁਝ ਵੀ ਨਹੀਂ ਦੱਸ ਸਕਿਆ। ਬਾਅਦ ਵਿੱਚ ਉਸ ਦੀ ਪਛਾਣ ਸ਼ਿਵ ਵਜੋਂ ਹੋਈ।