ਧਨਬਾਦ, 7 ਅਗਸਤ
ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਵਧੀਕ ਸੈਸ਼ਨ ਜੱਜ ਉੱਤਮ ਆਨੰਦ ਦੀ ਹੱਤਿਆ ਦੇ ਦੋ ਦੋਸ਼ੀਆਂ ਨੂੰ ਸ਼ਨਿਚਰਵਾਰ ਨੂੰ ਉਮਰ ਭਰ ਲਈ ਕੈਦ ਅਤੇ 30-30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੀਬੀਆਈ ਅਦਾਲਤ ਦੇ ਜਸਟਿਸ ਰਜਨੀਕਾਂਤ ਪਾਠਕ ਨੇ ਉੱਤਮ ਆਨੰਦ ਦੀ ਹੱਤਿਆ ਲਈ ਦੋਸ਼ੀ ਠਹਿਰਾਏ ਗਏ ਆਟੋ ਚਾਲਕ ਲਖਨ ਵਰਮਾ ਅਤੇ ਉਸ ਦੇ ਸਾਥੀ ਰਾਹੁਲ ਵਰਮਾ ਨੂੰ ਉਮਰ ਭਰ ਲਈ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਨੇ 28 ਜੁਲਾਈ ਨੂੰ ਦੋਨਾਂ ਨੂੰ ਦੋਸ਼ੀ ਠਹਿਰਾਇਆ ਸੀ। ਵਿਸ਼ੇਸ਼ ਜੱਜ ਨੇ ਧਾਰਾ 302 ਅਤੇ 201 ਲਈ ਦੋਨਾਂ ਦੋਸ਼ੀਆਂ ਨੂੰ ਵੱਖ ਵੱਖ ਸਜ਼ਾ ਸੁਣਾਈ। ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ 28 ਜੁਲਾਈ ਨੂੰ ਰਣਧੀਰ ਵਰਮਾ ਚੌਕ ਨੇੜੇ ਸਵੇਰ ਦੀ ਸੈਰ ਕਰ ਰਹੇ ਜੱਜ ਉਤਮ ਆਨੰਦ ਨੂੰ ਆਟੋਰਿਕਸ਼ਾ ਚਾਲਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। -ਏਜੰਸੀ