ਮੁੰਬਈ, 6 ਨਵੰਬਰ
ਮੁੰਬਈ ਪੁਲੀਸ ਦੇ ਬਰਖ਼ਾਸਤ ਅਧਿਕਾਰੀ ਸਚਿਨ ਵਾਜ਼ੇ ਨੇ ਸ਼ਹਿਰ ਦੇ ਤਤਕਾਲੀ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਦੇ ਨਾਲ ਰਲ ਕੇ ਕ੍ਰਿਕਟ ’ਤੇ ਸੱਟਾ ਲਾਉਣ ਵਾਲਿਆਂ ਤੋਂ ਕਾਫ਼ੀ ਪੈਸੇ ਇਕੱਠੇ ਕੀਤੇ ਹਨ। ਇਹ ਸਭ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਡਰ ਦੇ ਕੇ ਕੀਤਾ ਗਿਆ ਸੀ। ਪੁਲੀਸ ਨੇ ਅਦਾਲਤ ਵਿਚ ਇਹ ਦੋਸ਼ ਲਾਉਂਦਿਆਂ ਅੱਜ ਵਾਜ਼ੇ ਦੀ ਹਿਰਾਸਤ ਵਿਚ ਵਾਧਾ ਕਰਨ ਦੀ ਮੰਗ ਕੀਤੀ। ਇਹ ਮਾਮਲਾ ਫ਼ਿਰੌਤੀ ਦੇ ਕੇਸ ਨਾਲ ਜੁੜਿਆ ਹੋਇਆ ਹੈ ਤੇ ਉਪਨਗਰ ਗੋਰੇਗਾਓਂ ਪੁਲੀਸ ਥਾਣੇ ਵਿਚ ਦਰਜ ਹੈ। ਮੁੰਬਈ ਪੁਲੀਸ ਨੇ ਕਿਹਾ ਕਿ ਸਚਿਨ ਵਾਜ਼ੇ ਤਤਕਾਲੀ ਪੁਲੀਸ ਕਮਿਸ਼ਨਰ ਪਰਮਬੀਰ ਦੇ ਕਾਫ਼ੀ ਨੇੜੇ ਰਿਹਾ ਹੈ ਤੇ ਅਪਰਾਧ ਸ਼ਾਖਾ ਉਸ ਕੋਲੋਂ ਸੀਨੀਅਰ ਆਈਪੀਐੱਸ ਅਧਿਕਾਰੀ ਦੇ ਵਰਤਮਾਨ ਟਿਕਾਣੇ ਬਾਰੇ ਵੀ ਪੁੱਛਗਿੱਛ ਕਰੇਗੀ। ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਵਾਜ਼ੇ ਦੀ ਹਿਰਾਸਤ ਪਹਿਲੀ ਨਵੰਬਰ ਨੂੰ ਲਈ ਸੀ। ਇਸ ਸਬੰਧੀ ਸ਼ਿਕਾਇਤ ਬਿਲਡਰ ਤੇ ਹੋਟਲ ਕਾਰੋਬਾਰੀ ਬਿਮਲ ਅਗਰਵਾਲ ਨੇ ਕੀਤੀ ਸੀ। ਸ਼ਿਕਾਇਤ ਵਿਚ ਪਰਮਬੀਰ ਸਿੰਘ ਵੀ ਮੁਲਜ਼ਮ ਹੈ। ਵਾਜ਼ੇ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਕਿਉਂਕਿ ਉਸ ਦਾ ਰਿਮਾਂਡ ਖ਼ਤਮ ਹੋ ਰਿਹਾ ਸੀ। ਪੁਲੀਸ ਨੇ ਵਾਜ਼ੇ ਦੀ ਹਿਰਾਸਤ ਵਿਚ ਸੱਤ ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਤਾਂ ਕਿ ਹੋਰ ਜਾਂਚ ਕੀਤੀ ਜਾ ਸਕੇ। ਅਦਾਲਤ ਨੇ ਹੁਣ ਹਿਰਾਸਤ ਵਿਚ 13 ਨਵੰਬਰ ਤੱਕ ਵਾਧਾ ਕਰ ਦਿੱਤਾ ਹੈ। ਪੁਲੀਸ ਨੇ ਕਿਹਾ ਕਿ ਵਾਜ਼ੇ ਤੇ ਪਰਮਬੀਰ ਨੇ ਕਿਵੇਂ ਸੱਟੇਬਾਜ਼ਾਂ ਤੋਂ ਪੈਸਾ ਇਕੱਠਾ ਕੀਤਾ, ਇਸ ਦੀ ਜਾਂਚ ਕੀਤੀ ਜਾਣੀ ਹੈ। ਅਪਰਾਧ ਸ਼ਾਖਾ ਨੇ ਕਿਹਾ ਕਿ ਉਹ ਜਾਂਚ ਕਰਨਾ ਚਾਹੁੰਦੇ ਹਨ ਕਿ ਕੀ ਵਾਜ਼ੇ ਨੇ ਕਿਸੇ ਹੋਰ ਤੋਂ ਵੀ ਪਰਮਬੀਰ ਦੇ ਕਹਿਣ ਉਤੇ ਪੈਸੇ ਲਏ ਸਨ। ਇਸ ਤੋਂ ਇਲਾਵਾ ਪਰਮਬੀਰ ਤੋਂ ਬਿਨਾਂ ਹੋਰ ਕਿਸ ਨੇ ਵਾਜ਼ੇ ਦੀ ਫਿਰੌਤੀ ਲੈਣ ਵਿਚ ਮਦਦ ਕੀਤੀ, ਇਸ ਦੀ ਵੀ ਪੁਲੀਸ ਜਾਂਚ ਕਰੇਗੀ। ਪੁਲੀਸ ਨੇ ਸ਼ਿਕਾਇਤਕਰਤਾ ਦੀ ਆਵਾਜ਼ ਦੇ ਸੈਂਪਲ ਫੌਰੈਂਸਿਕ ਟੈਸਟ ਲਈ ਭੇਜ ਦਿੱਤੇ ਹਨ। -ਪੀਟੀਆਈ
ਦੇਸ਼ਮੁਖ ਦੀ ਨਿਆਂਇਕ ਹਿਰਾਸਤ ’ਚ ਵਾਧਾ
ਮੁੰਬਈ: ਮਨੀ ਲਾਂਡਰਿੰਗ ਕੇਸ ਵਿਚ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਤੇ ਐਨਸੀਪੀ ਆਗੂ ਅਨਿਲ ਦੇਸ਼ਮੁਖ ਨੂੰ ਵਿਸ਼ੇਸ਼ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਈਡੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਏਜੰਸੀ ਨੇ ਸਾਬਕਾ ਮੰਤਰੀ ਦੀ ਨੌਂ ਦਿਨ ਲਈ ਹੋਰ ਹਿਰਾਸਤ ਮੰਗੀ ਸੀ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ ਤੇ ਦੇਸ਼ਮੁਖ ਨੂੰ ਨਿਆਂਇਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਦੇਸ਼ਮੁਖ ਨੂੰ ਈਡੀ ਨੇ ਸੋਮਵਾਰ ਰਾਤ 12 ਘੰਟੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਮੰਗਲਵਾਰ ਅਦਾਲਤ ਨੇ ਈਡੀ ਨੂੰ ਦੇਸ਼ਮੁਖ ਦੀ ਛੇ ਨਵੰਬਰ ਤੱਕ ਹਿਰਾਸਤ ਦਿੱਤੀ ਸੀ। ਕਾਲੇ ਧਨ ਨੂੰ ਸਫ਼ੈਦ ਕਰਨ ਦਾ ਇਹ ਕੇਸ 100 ਕਰੋੜ ਰੁਪਏ ਦੀ ਰਿਸ਼ਵਤਖੋਰੀ ਨਾਲ ਜੁੜਿਆ ਹੋਇਆ ਹੈ। ਸੀਬੀਆਈ ਨੇ ਇਸ ਮਾਮਲੇ ਵਿਚ ਦੇਸ਼ਮੁਖ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਨੇ ਦੇਸ਼ਮੁਖ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਈਡੀ ਨੇ ਵਿਸ਼ੇਸ਼ ਅਦਾਲਤ ਵਿਚ ਦੋਸ਼ ਲਾਇਆ ਕਿ ਮੁੰਬਈ ਪੁਲੀਸ ਦਾ ਅਧਿਕਾਰੀ ਸਚਿਨ ਵਾਜ਼ੇ ਦੇਸ਼ਮੁਖ ਦੇ ਕਹਿਣ ’ਤੇ ਬਾਰ ਮਾਲਕਾਂ ਤੋਂ ਪੈਸਾ ਇਕੱਠਾ ਕਰਦਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ਮੁਖ ਨੇ ਇਕ ਪ੍ਰਾਈਵੇਟ ਵਿਅਕਤੀ ਨੂੰ ਕਿਹਾ ਸੀ ਕਿ ਉਹ ਵਾਜ਼ੇ ਨੂੰ ਮੁੰਬਈ ਦੇ ਬਾਰਾਂ ਤੇ ਆਰਕੈਸਟਰਾ ਦੀ ਸੂਚੀ ਦੇਵੇ। ਈਡੀ ਨੇ ਅਦਾਲਤ ਵਿਚ ਇਹ ਵੀ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 27 ਕੰਪਨੀਆਂ ਜੋ ਕਿ ਸਿੱਧੇ-ਅਸਿੱਧੇ ਤੌਰ ਉਤੇ ਦੇਸ਼ਮੁਖ ਪਰਿਵਾਰ ਨਾਲ ਜੁੜੀਆਂ ਹਨ, ਦੀ ਵਰਤੋਂ ਨਾਜਾਇਜ਼ ਧਨ ਲਾਉਣ ਲਈ ਹੋਈ ਹੈ। ਕੇਂਦਰੀ ਏਜੰਸੀ ਨੇ ਨਾਲ ਹੀ ਕਿਹਾ ਕਿ ਦੇਸ਼ਮੁਖ ਨੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤੇ ਤੇ ਹੋਰ ਰਿਮਾਂਡ ਦੀ ਲੋੜ ਹੈ। -ਪੀਟੀਆਈ