ਮੁੰਬਈ, 26 ਅਪਰੈਲ
ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਰਾਣਾ ਵੱਲੋਂ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਖਾਰ ਪੁਲੀਸ ਸਟੇਸ਼ਨ ਵਿੱਚ ਉਸ ਨਾਲ ਦੁਰਵਿਹਾਰ ਕਰਨ ਦੇ ਲਾਏ ਦੋਸ਼ਾਂ ਮਗਰੋਂ ਮੁੰਬਈ ਪੁਲੀਸ ਕਮਿਸ਼ਨਰ ਸੰਜੈ ਪਾਂਡੇ ਨੇ ਅੱਜ ਟਵਿੱਟਰ ’ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਰਾਣਾ ਦੰਪਤੀ ਪੁਲੀਸ ਹਿਰਾਸਤ ਵਿੱਚ ਚਾਹ ਦੀਆਂ ਚੁਸਕੀਆਂ ਲੈਂਦੇ ਦਿਖਾਈ ਦੇ ਰਹੇ ਹਨ। ਇਸ ਟਵੀਟ ਮਗਰੋਂ ਸ਼ਿਵ ਸੈਨਾ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੂੰ ਮੁੰਬਈ ਪੁਲੀਸ ਤੋਂ ਮੁਆਫੀ਼ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੋਸ਼ ਲਾਇਆ ਸੀ ਕਿ ਪੁਲੀਸ ਮਹਾ ਵਿਕਾਸ ਅਗਾਡੀ ਦੇ ਨੌਕਰਾਂ ਵਜੋਂ ਕੰਮ ਕਰ ਰਹੀ ਹੈ। ਨਵਨੀਤ ਰਾਣਾ ਨੇ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰੀ ਮਗਰੋਂ ਪੁਲੀਸ ਸਟੇਸ਼ਨ ਵਿੱਚ ਉਸ ਨੂੰ ਪੀਣ ਲਈ ਪਾਣੀ ਨਹੀਂ ਦਿੱਤਾ ਗਿਆ ਤੇ ਉਸ ਨੂੰ ਜਾਤੀਗਤ ਤੋਹਮਤਾਂ ਦਾ ਵੀ ਸਾਹਮਣਾ ਕਰਨਾ ਪਿਆ। ਮੁੰਬਈ ਪੁਲੀਸ ਕਮਿਸ਼ਨਰ ਨੇ 12 ਸਕਿੰਟਾਂ ਦੀ ਵੀਡੀਓ ਹੇਠ ਸਿਰਲੇਖ ਲਿਖਿਆ, ‘‘ਕੀ ਸਾਨੂੰ ਹੋਰ ਕੁਝ ਕਹਿਣ ਦੀ ਲੋੜ ਹੈ?’’ -ਪੀਟੀਆਈ