ਮੁੰਬਈ, 28 ਅਗਸਤ
ਮੁੰਬਈ ਦੇ ਨਗਰ ਨਿਗਮ ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਸ਼ਹਿਰ ਲਈ ਭਿਆਨਕ ਭਵਿੱਖਬਾਣੀ ਕਰਦਿਆਂ ਕਿਹਾ ਹੈ ਕਿ 2050 ਤੱਕ ਦੱਖਣੀ ਮੁੰਬਈ ਦਾ ਵੱਡਾ ਹਿੱਸਾ, ਜਿਸ ਵਿੱਚ ਵਪਾਰਕ ਜ਼ਿਲ੍ਹਾ ਨਰੀਮਨ ਪੁਆਇੰਟ ਅਤੇ ਰਾਜ ਸਕੱਤਰੇਤ ‘ਮੰਤਰਾਲਾ’ ਸ਼ਾਮਲ ਹਨ, ਸਮੁੰਦਰ ਦਾ ਵਧਣ ਕਾਰਨ ਪਾਣੀ ਵਿੱਚ ਡੁੱਬ ਜਾਣਗੇ। ਮਹਾਰਾਸ਼ਟਰ ਦੇ ਵਾਤਾਵਰਣ ਅਤੇ ਸੈਰ ਸਪਾਟਾ ਮੰਤਰੀ ਆਦਿੱਤਿਆ ਠਾਕਰੇ ਦੁਆਰਾ ਮੁੰਬਈ ਜਲਵਾਯੂ ਕਾਰਜ ਯੋਜਨਾ ਅਤੇ ਇਸ ਦੀ ਵੈੱਬਸਾਈਟ ਦੇ ਉਦਘਾਟਨ ਮੌਕੇ ਸ੍ਰੀ ਚਾਹਲ ਨੇ ਕਿਹਾ ਕਿ ਸ਼ਹਿਰ ਦੇ ਦੱਖਣੀ ਮੁੰਬਈ ਵਿੱਚ ਏ, ਬੀ, ਸੀ ਅਤੇ ਡੀ ਵਾਰਡਾਂ ਦਾ 70 ਫੀ਼ਸਦ ਹਿੱਸਾ ਜਲਵਾਯੂ ਤਬਦੀਲੀ ਕਾਰਨ ਪਾਣੀ ਵਿੱਚ ਡੁੱਬ ਜਾਵੇਗਾ। ਉਨ੍ਹਾਂ ਕਿਹਾ ਕਿ ਕੁਦਰਤ ਚੇਤਾਵਨੀਆਂ ਦੇ ਰਹੀ ਹੈ, ਜੇ ਲੋਕ “ਨਾ ਜਾਗੇ” ਤਾਂ ਸਥਿਤੀ “ਖਤਰਨਾਕ” ਹੋ ਜਾਵੇਗੀ। ਉਨ੍ਹਾਂ ਕਿਹਾ, “ਕਫ ਪਰੇਡ, ਨਰੀਮਨ ਪੁਆਇੰਟ ਅਤੇ ਮੰਤਰਾਲੇ ਵਰਗੇ ਅੱਸੀ ਫੀਸਦ ਖੇਤਰ ਪਾਣੀ ਵਿੱਚ ਹੋਣਗੇ, ਜਿਸ ਦਾ ਮਤਲਬ ਹੈ ਕਿ ਉਹ ਗਾਇਬ ਹੋਣ ਜਾ ਰਹੇ ਹਨ।