ਮੁੰਬਈ, 15 ਅਕਤੂਬਰ
10 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਨਾ ਹੋਣ ‘ਤੇ ਐੱਸਬੀਆਈ ਦੇ ਚੇਅਰਮੈਨ ਨੂੰ ਕਥਿਤ ਤੌਰ ‘ਤੇ ਅਗਵਾ ਕਰਕੇ ਕਤਲ ਕਰਨ ਤੇ ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਹੇਠ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬੁੱਧਵਾਰ ਸਵੇਰੇ ਨਰੀਮਨ ਪੁਆਇੰਟ ਇਲਾਕੇ ‘ਚ ਕਾਰਪੋਰੇਟ ਸੈਂਟਰ ਸਥਿਤ ਐੱਸਬੀਆਈ ਚੇਅਰਮੈਨ ਦੇ ਨਿੱਜੀ ਸਹਾਇਕ ਦੇ ਦਫ਼ਤਰ ‘ਤੇ ਧਮਕੀ ਭਰਿਆ ਫ਼ੋਨ ਆਇਆ। ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਫੋਨ ਪੱਛਮੀ ਬੰਗਾਲ ਤੋਂ ਆਇਆ ਸੀ। ਇਸ ਲਈ ਮੁੰਬਈ ਪੁਲੀਸ ਦੀ ਟੀਮ ਕੋਲਕਾਤਾ ਲਈ ਰਵਾਨਾ ਹੋ ਗਈ ਹੈ। ਵੀਰਵਾਰ ਨੂੰ ਬੈਂਕ ਦੇ ਦਫਤਰ ਦੇ ਸਹਾਇਕ ਸੁਰੱਖਿਆ ਮੈਨੇਜਰ ਅਜੈ ਕੁਮਾਰ ਸ੍ਰੀਵਾਸਤਵ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਮੁਹੰਮਦ ਜ਼ਿਆ-ਉਲ-ਅਲੀ ਵਜੋਂ ਦਿੱਤੀ ਅਤੇ ਕਿਹਾ ਕਿ ਬੈਂਕ ਨੂੰ ਉਸ ਦਾ 10 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਨ ਹੋਵੇਗਾ। ਅਜਿਹਾ ਨਾ ਕਰਨ ’ਤੇ ਚੇਅਰਮੈਨ ਨੂੰ ਅਗਵਾ ਕਰਕੇ ਕਤਲ ਕੀਤਾ ਜਾਵੇਗਾ ਤੇ ਬੈਂਕ ਉਡਾ ਦਿੱਤਾ ਜਾਵੇਗਾ।