ਮੁੰਬਈ, 12 ਜੂਨ
ਤੂਫ਼ਾਨ ਅਤੇ ਤੇਜ਼ ਹਵਾਵਾਂ ਨਾਲ ਅੱਜ ਪਏ ਭਾਰੀ ਮੀਂਹ ਕਾਰਨ ਮੁੰਬਈ ਤੇ ਇਸ ਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ ਆਮ ਜ਼ਿੰਦਗੀ ਲੀਹੋਂ ਲੱਥ ਗਈ। ਭਾਰੀ ਮੀਂਹ ਕਾਰਨ ਵੱਖ-ਵੱਖ ਥਾਵਾਂ ’ਤੇ ਰੇਲਵੇ ਟਰੈਕਾਂ ਤੇ ਸੜਕਾਂ ’ਤੇ ਪਾਣੀ ਭਰ ਗਿਆ ਜਿਸ ਕਰ ਕੇ ਰੇਲ ਤੇ ਬੱਸ ਸੇਵਾਵਾਂ ਪ੍ਰਭਾਵਿਤ ਹੋਈਆਂ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ।
ਕੇਂਦਰੀ ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਣੀ ਦਾ ਪੱਧਰ ਰੇਲਵੇ ਟਰੈਕ ਤੋਂ ਉੱਪਰ ਜਾਣ ਤੋਂ ਬਾਅਦ ਮੁੱਖ ਲਾਈਨ ’ਤੇ ਦਾਦਰ ਤੇ ਕੁਰਲਾ ਸਟੇਸ਼ਨਾਂ ਵਿਚਾਲੇ ਉਪਨਗਰ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਉੱਧਰ, ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਤੇ ਟਰਾਂਸਪੋਰਟ (ਬੈਸਟ) ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਥਾਵਾਂ ’ਤੇ ਪਾਣੀ ਭਰਿਆ ਹੋਣ ਕਾਰਨ ਉਨ੍ਹਾਂ ਦੀਆਂ ਬੱਸਾਂ ਦੇ ਰੂਟ ਬਦਲਣੇ ਪਏ। ਸ਼ਨਿਚਰਵਾਰ ਸਵੇਰੇ 10 ਵਜੇ ਮੌਸਮ ਵਿਭਾਗ ਨੇ ਮੁੰਬਈ ਸਣੇ ਕੋਂਕਣ ਖੇਤਰ ਵਿਚ ਆਉਂਦੇ ਕੁਝ ਜ਼ਿਲ੍ਹਿਆਂ ’ਚ ਅਗਲੇ ਤਿੰਨ ਘੰਟਿਆਂ ਲਈ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਸੀ। ਮੌਸਮ ਵਿਭਾਗ ਨੇ ਕੋਂਕਣ ਖੇਤਰ ਦੇ ਮੁੰਬਈ, ਠਾਣੇ, ਪਾਲਘਰ, ਰਾਏਗੜ੍ਹ ਅਤੇ ਰਤਨਾਗਿਰੀ ਜ਼ਿਲ੍ਹਿਆਂ ਲਈ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਵਿਭਾਗ ਨੇ ਸ਼ਨਿਚਰਵਾਰ ਵਾਸਤੇ ਮੁੰਬਈ ਲਈ ‘ਸੰਤਰੀ ਚਿਤਾਵਨੀ’ ਜਾਰੀ ਕੀਤੀ ਸੀ। -ਪੀਟੀਆਈ