ਮੁੰਬਈ, 10 ਮਈ
ਬਜ਼ੁਰਗ ਸੰਤੂਰ ਵਾਦਕ ਅਤੇ ਸੰਗੀਤਕਾਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਦਾ ਅੱਜ ਇਥੇ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਸ਼ਰਮਾ, ਭਾਰਤ ਦੇ ਸਭ ਤੋਂ ਮਸ਼ਹੂਰ ਕਲਾਸੀਕਲ ਸੰਗੀਤਕਾਰਾਂ ਵਿੱਚੋਂ ਇੱਕ ਸਨ। ਉਹ ਗੁਰਦੇ ਦੀਆਂ ਬਿਮਾਰੀਆਂ ਤੋਂ ਵੀ ਪੀੜਤ ਸਨ। ਪਰਿਵਾਰਕ ਸੂਤਰ ਨੇ ਦੱਸਿਆ, ‘ਉਨ੍ਹਾਂ ਸਵੇਰੇ 9 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ। ਇਸ ਉਮਰੇ ਵੀ ਉਹ ਕਾਫ਼ੀ ਸਰਗਰਮ ਸਨ ਅਗਲੇ ਹਫ਼ਤੇ ਭੁਪਾਲ ਵਿੱਚ ਪ੍ਰੋਗਰਾਮ ਕਰਨ ਵਾਲੇ ਸਨ। ਪਦਮ ਵਿਭੂਸ਼ਣ ਨਾ ਸਨਮਾਨਿਤ ਸ਼ਰਮਾ ਦਾ ਜਨਮ 1938 ਵਿੱਚ ਜੰਮੂ ਵਿੱਚ ਹੋਇਆ ਸੀ। ਉਨ੍ਹਾਂ ਨੇ ਫਿਲਮ ਸਿਲਸਿਲਾ, ਲਮਹੇ ਅਤੇ ਚਾਂਦਨੀ ਵਰਗੀਆਂ ਫਿਲਮਾਂ ਲਈ ਪੰਡਿਤ ਹਰੀ ਪ੍ਰਸਾਦ ਚੌਰਸੀਆ ਨਾਲ ਸੰਗੀਤ ਤਿਆਰ ਕੀਤਾ। ਉਨ੍ਹਾਂ ਦਾ ਪੁੱਤਰ ਰਾਹੁਲ ਸ਼ਰਮਾ ਵੀ ਸੰਤੂਰ ਵਾਦਕ ਹੈ।