ਮੁੰਬਈ, 22 ਅਕਤੂਬਰ
ਇਥੇ 61 ਮੰਜ਼ਿਲਾ ਇਕ ਰਿਹਾਇਸ਼ੀ ਇਮਾਰਤ ਦੀ 19ਵੀਂ ਮੰਜ਼ਿਲ ’ਤੇ ਅੱਗ ਲੱਗਣ ਮਗਰੋਂ ਇਕ ਸੁਰੱਖਿਆ ਕਰਮੀ ਡਿੱਗ ਕੇ ਮਾਰਿਆ ਗਿਆ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਵਿਅਕਤੀ ਡਿੱਗਣ ਤੋਂ ਪਹਿਲਾਂ ਬਾਲਕੋਨੀ ’ਤੇ ਲਟਕਿਆ ਹੋਇਆ ਦੇਖਿਆ ਜਾ ਸਕਦਾ ਹੈ। ਕਰੀ ਰੋਡ ’ਤੇ ‘ਵਨ ਅਵਿਘਨ ਪਾਰਕ’ ਨਾਂ ਦੀ ਇਮਾਰਤ ਦੀ 19ਵੀਂ ਮੰਜ਼ਿਲ ’ਤੇ ਦੁਪਹਿਰ ਸਮੇਂ ਅੱਗ ਲੱਗੀ ਸੀ।
ਇਕ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਤੋਂ ਬਾਅਦ ਇਮਾਰਤ ਦਾ ਸੁਰੱਖਿਆ ਕਰਮੀ ਅਰੁਣ ਤਿਵਾੜੀ 19ਵੀਂ ਮੰਜ਼ਿਲ ’ਤੇ ਗਿਆ। ਉਸ ਨੂੰ ਛੇਤੀ ਅਹਿਸਾਸ ਹੋਇਆ ਕਿ ਉਹ ਫਸ ਗਿਆ ਹੈ ਤਾਂ ਉਹ ਅੱਗ ਤੋਂ ਬਚਣ ਲਈ ਬਾਲਕੋਨੀ ਨਾਲ ਲਟਕ ਗਿਆ। ਉਹ ਕਈ ਮਿੰਟ ਤੱਕ ਬਾਲਕੋਨੀ ਦੀ ਰੇਲਿੰਗ ਫੜ ਕੇ ਜੂਝਦਾ ਰਿਹਾ ਅਤੇ ਅਖੀਰ ਹੇਠਾਂ ਡਿੱਗ ਪਿਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਅੱਗ ਬੁਝਾਊ ਦਸਤੇ ਨੇ ਕਰੀਬ ਚਾਰ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਨਗਰ ਨਿਗਮ ਦੇ ਕਮਿਸ਼ਨਰ ਇਕਬਾਲ ਸਿੰਘ ਚਹਿਲ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਮੌਕੇ ਦਾ ਦੌਰਾ ਕੀਤਾ ਅਤੇ ਕਿਹਾ ਕਿ ਜੇਕਰ ਇਮਾਰਤ ’ਚ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਢੁੱਕਵੀਂ ਸਿਖਲਾਈ ਦਿੱਤੀ ਗਈ ਹੁੰਦੀ ਤਾਂ ਤਿਵਾੜੀ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਲੋੜੀਂਦੇ ਕਦਮ ਉਠਾਉਣ ਲਈ 15 ਮਿੰਟ ਦਾ ਸਮਾਂ ਸੀ ਪਰ ਕਿਸੇ ਨੇ ਵੀ ਸੁਰੱਖਿਆ ਕਰਮੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਦਸਤਾ ਜਦੋਂ ਤੱਕ ਤਿਵਾੜੀ ਨੂੰ ਬਚਾਉਣ ਲਈ ਪੌੜੀ ਲਗਾਉਂਦਾ, ਉਦੋਂ ਤੱਕ ਉਹ ਰੇਲਿੰਗ ਤੋਂ ਡਿੱਗ ਚੁੱਕਿਆ ਸੀ। -ਪੀਟੀਆਈ