ਨਵੀਂ ਦਿੱਲੀ, 2 ਜਨਵਰੀ
ਐੱਨਆਈਏ ਨੇ ਅੱਜ ਕਿਹਾ ਕਿ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਦੇ ਮਾਮਲੇ ’ਚ ਸਿੱਖਸ ਫਾਰ ਜਸਟਿਸ (ਐੱਸਐਫਜੇ) ਦੇ ਕਥਿਤ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾਵੇਗੀ। ਜਰਮਨੀ ਵਿਚ ਰਹਿ ਰਹੇ ਮੁਲਤਾਨੀ ਖ਼ਿਲਾਫ਼ ਹਾਲ ਹੀ ’ਚ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੌਮੀ ਜਾਂਚ ਏਜੰਸੀ ਦੇ ਇਕ ਸੂਤਰ ਨੇ ਕਿਹਾ ਕਿ ਡਰੋਨਾਂ ਦੀ ਵਰਤੋਂ ਹਥਿਆਰ, ਧਮਾਕਾਖ਼ੇਜ਼ ਸਮੱਗਰੀ ਤੇ ਨਸ਼ਿਆਂ ਦੀ ਤਸਕਰੀ ਲਈ ਕੀਤੀ ਗਈ ਹੈ ਤੇ ਜਾਂਚ ਇਸੇ ਪੱਖ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਰਹਿੰਦੇ ਅਤਿਵਾਦੀ ਇਸ ਵਿਚ ਸ਼ਾਮਲ ਹਨ ਤੇ ਉਨ੍ਹਾਂ ਨੂੰ ਆਈਐੱਸਆਈ ਦੀ ਹਮਾਇਤ ਪ੍ਰਾਪਤ ਹੈ। ਜਸਵਿੰਦਰ ਉਨ੍ਹਾਂ ਦੇ ਸੰਪਰਕ ਵਿਚ ਸੀ। ਭਾਰਤ ਵਿਚ ਵੀ ਉਸ ਦਾ ਇਕ ਸੰਪਰਕ ਹੈ ਜੋ ਤਸਕਰੀ ਕਰ ਕੇ ਲਿਆਂਦੇ ਹਥਿਆਰ, ਧਮਾਕਖੇਜ਼ ਸਮੱਗਰੀ ਤੇ ਡਰੱਗ ਹਾਸਲ ਕਰਦਾ ਸੀ। ਇਸ ਤਰ੍ਹਾਂ ਉਹ ਭਾਰਤੀ ਖੇਤਰ ਵਿਚ ਨਸ਼ਾ ਤੇ ਹਥਿਆਰ ਲਿਆ ਰਹੇ ਸਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੰਜਾਬ ਤੇ ਜੰਮੂ ਨਾਲ ਲੱਗਦੀ ਸਰਹੱਦ ’ਤੇ ਪਿਛਲੇ ਸਾਲ ਕਰੀਬ 70 ਡਰੋਨ ਦੇਖੇ ਗਏ ਹਨ। ਕੁਝ ਡਰੋਨਾਂ ਨੂੰ ਬੀਐੱਸਐਫ ਨੇ ਗੋਲੀ ਨਾਲ ਡੇਗਿਆ ਵੀ ਸੀ। ਇਕ ਹੋਰ ਡਰੋਨ ਜਿਸ ਨੂੰ ਬੀਐੱਸਐਫ ਨੇ ਡੇਗਣ ਦੀ ਕੋਸ਼ਿਸ਼ ਕੀਤੀ ਸੀ, ਛੇ ਪੈਕੇਟ ਨਸ਼ੀਲੇ ਪਦਾਰਥਾਂ ਦੇ ਸੁੱਟ ਕੇ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ ਸੀ। ਜ਼ਿਕਰਯੋਗ ਹੈ ਕਿ ਮੁਲਤਾਨੀ ’ਤੇ 30 ਦਸੰਬਰ ਨੂੰ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਭਾਰਤੀ ਏਜੰਸੀਆਂ ਵੱਲੋਂ ਦਿੱਤੀ ਸੂਚਨਾ ’ਤੇ ਜਰਮਨੀ ਨੇ ਮੁਲਤਾਨੀ ਨੂੰ ਹਿਰਾਸਤ ਵਿਚ ਲਿਆ ਸੀ। ਮੁਲਤਾਨੀ ਨੇ ਮਗਰੋਂ ਜਰਮਨੀ ਸਰਕਾਰ ਨੂੰ ਜਾਂਚ ਵਿਚ ਸਹਿਯੋਗ ਦੇਣ ਦਾ ਹਲਫ਼ਨਾਮਾ ਦਿੱਤਾ ਸੀ ਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਮੁਲਤਾਨੀ ਖਾਲਿਸਤਾਨੀ ਤੱਤਾਂ ਨਾਲ ਰਲ ਕੇ ਨੌਜਵਾਨਾਂ ਨੂੰ ਕੱਟੜਤਾ ਤੇ ਆਪਣੀ ਵਿਚਾਰਧਾਰਾ ਨਾਲ ਪੰਜਾਬ ਨੂੰ ਅਤਿਵਾਦ ਵੱਲ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਪੰਜਾਬ ਨੂੰ ਭਾਰਤ ਨਾਲੋਂ ਤੋੜਿਆ ਜਾ ਸਕੇ। -ਆਈਏਐਨਐੱਸ