ਲਖ਼ਨਊ, 23 ਸਤੰਬਰ
ਅਲਾਹਾਬਾਦ ਹਾਈ ਕੋਰਟ ਦੇ ਲਖ਼ਨਊ ਬੈਂਚ ਨੇ ਸਾਬਕਾ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ 23 ਸਾਲ ਪੁਰਾਣੇ ਕੇਸ ਵਿਚ ਗੈਂਗਸਟਰ ਐਕਟ ਤਹਿਤ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਡੀਕੇ ਸਿੰਘ ਨੇ ਵਿਸ਼ੇਸ਼ ਅਦਾਲਤ ਦਾ 2020 ਦਾ ਫ਼ੈਸਲਾ ਪਲਟਾਉਂਦਿਆਂ ਅੰਸਾਰੀ ਨੂੰ ਇਹ ਸਜ਼ਾ ਸੁਣਾਈ ਹੈ। ਅਦਾਲਤ ਨੇ ਅੰਸਾਰੀ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ 1999 ਵਿਚ ਲਖ਼ਨਊ ਦੀ ਹਜ਼ਰਤਗੰਜ ਪੁਲੀਸ ਨੇ ਮੁਖ਼ਤਾਰ ਅੰਸਾਰੀ ਖ਼ਿਲਾਫ਼ ਐਫਆਈਆਰ ਕੀਤੀ ਸੀ। ਜਦਕਿ ਵਿਸ਼ੇਸ਼ ਅਦਾਲਤ ਨੇ ਅੰਸਾਰੀ ਨੂੰ 2020 ਵਿਚ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ 2021 ਵਿਚ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ। ਹਾਈ ਕੋਰਟ ਨੇ ਅੱਜ ਰਾਜ ਸਰਕਾਰ ਦੀ ਅਪੀਲ ਸਵੀਕਾਰ ਕਰਦਿਆਂ ਅੰਸਾਰੀ ਨੂੰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅੰਸਾਰੀ ਨੂੰ ਇਕ ਹੋਰ ਕੇਸ ਵਿਚ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਕੇਸ ਵਿਚ ਅੰਸਾਰੀ ਉਤੇ ਇਕ ਜੇਲ੍ਹ ਅਧਿਕਾਰੀ ਨੂੰ ਧਮਕਾਉਣ ਦਾ ਦੋਸ਼ ਸੀ। ਹੇਠਲੀ ਅਦਾਲਤ ਨੇ 2003 ਦੇ ਇਸ ਕੇਸ ਵਿਚ ਵੀ ਮੁਖ਼ਤਾਰ ਨੂੰ ਬਰੀ ਕੀਤਾ ਹੋਇਆ ਸੀ। ਮੁਖ਼ਤਾਰ ਅੰਸਾਰੀ ਇਸ ਵੇਲੇ ਯੂਪੀ ਦੀ ਬਾਂਦਾ ਜੇਲ੍ਹ ਵਿਚ ਕੈਦ ਹੈ। -ਪੀਟੀਆਈ