ਕੋਲਕਾਤਾ, 23 ਜਨਵਰੀ
ਜਾਪਾਨ ਦੀ ਰਾਜਧਾਨੀ ਟੋਕੀਓ ਸਥਿਤ ਰੇਨਕੋਜੀ ਮੰਦਿਰ ਦੇ ਮੁੱਖ ਪੁਜਾਰੀ ਵੱਲੋਂ ਜਾਪਾਨੀ ਭਾਸ਼ਾ ਵਿੱਚ ਲਿਖੇ ਪੱਤਰ ਦੇ ਨਵੇਂ ਤਰਜਮੇ ਤੋਂ ਪਤਾ ਚਲਿਆ ਹੈ ਕਿ ਮੰਦਿਰ ਨੇ ਭਾਰਤੀ ਅਧਿਕਾਰੀ ਨੂੰ ਉਨ੍ਹਾਂ ਦੀਆਂ ਅਸਥੀਆਂ ਦੀ ਡੀਐਨਏ ਜਾਂਚ ਦੀ ਇਜਾਜ਼ਤ ਦਿੱਤੀ ਸੀ, ਜੋ ਨੇਤਾਜੀ ਸੁਭਾਸ਼ ਚੰਦਰ ਬੋਸ ਦੀਆਂ ਦੱਸੀਆਂ ਜਾਂਦੀਆਂ ਹਨ। ਪੱਤਰ ਦਾ ਨਵਾਂ ਤਰਜਮਾ ਉਸ ਦਾਅਵੇ ਨੂੰ ਖਾਰਜ ਕਰਦਾ ਹੈ ਕਿ ਮੰਦਿਰ ਇਸ ਮਾਮਲੇ ਵਿੱਚ ‘ਚੁੱਪ’ ਸੀ, ਜਿਸ ਨਾਲ ਜਸਟਿਸ ਐਮ ਕੇ ਮੁਖਰਜੀ ਕਮਿਸ਼ਨ ਦੇ ਉਸ ਦਾਅਵੇ ਸਬੰਧੀ ਖਦਸ਼ਾ ਪੈਦਾ ਹੋ ਗਿਆ ਹੈ ਕਿ ਉਹ ਅਸਥੀਆਂ ਨੇਤਾਜੀ ਦੀ ਨਹੀਂ ਸਨ। ਮੁੱਖ ਪੁਜਾਰੀ ਨੇ ਸਰਕਾਰ ਨੂੰ ਸਾਲ 2005 ਵਿੱਚ ਇਹ ਪੱਤਰ ਲਿਖਿਆ ਸੀ। ਰੇਨਕੋਜੀ ਮੰਦਿਰ ਦੇ ਮੁੱਖ ਪੁਜਾਰੀ ਕੋਲ ਅਸਥੀਆਂ ਦੇ ਕਲਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਕਲਸ਼ ਵਿੱਚ ਨੇਤਾ ਜੀ ਦੀਆਂ ਅਸਥੀਆਂ ਹਨ। ਬਿਨਾਂ ਕੋਈ ਕਾਰਨ ਦੱਸੇ ਇਸ ਚਿੱਠੀ ਦੇ ਇਸ ਹਿੱਸੇ ਦਾ ਤਰਜਮਾ ਨਹੀਂ ਕੀਤਾ ਗਿਆ ਸੀ ਅਤੇ ਨੇਤਾਜੀ ਦੇ ਲਾਪਤਾ ਹੋਣ ’ਤੇ ਜਸਟਿਸ ਮੁਖਰਜੀ ਕਮਿਸ਼ਨ ਦੀ ਰਿਪੋਰਟ ਨਾਲ ਸਬੂਤ ਵਜੋਂ ਇਕ ਅੰਗਰੇਜ਼ੀ ਹਿੱਸਾ ਨੱਥੀ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਸੀ, ‘‘ ਮੰਦਿਰ ਅਧਿਕਾਰੀਆਂ ਦੇ ਚੁੱਪ ਰਹਿਣ ਕਾਰਨ… ਕਮਿਸ਼ਨ (ਡੀਐਨਏ ਜਾਂਚ ਦੇ ਮੁੱਦੇ ਨੂੰ)ਅੱਗੇ ਨਹੀਂ ਵਧ ਸਕਿਆ।’’ ਕਮਿਸ਼ਨ ਨੇ ਬਾਅਦ ਵਿੱਚ ਇਸ ਦੀ ਵਰਤੋਂ ਇਹ ਸਿੱਟਾ ਕੱਢਣ ਲਈ ਕੀਤੀ ਕਿ ਇਹ ਅਸਥੀਆਂ ਨੇਤਾਜੀ ਦੀ ਨਹੀਂ ਸਨ, ਜਿਸ ਨਾਲ ਇਹ ਸੰਭਾਵਨਾਵਾਂ ਸਹੀ ਜਾਪਦੀਆਂ ਹਨ ਕਿ ਉਹ ਜਹਾਜ਼ ਹਾਦਸੇ ਵਿੱਚ ਬਚ ਗਏ ਸਨ ਅਤੇ ਸਾਧ ਬਣ ਗਏ ਜਾਂ ਉਨ੍ਹਾਂ ਨੂੰ ਰੂਸ ਦੀ ਕਿਸੇ ਜੇਲ੍ਹੇ ਵਿੱਚ ਕੈਦੀ ਵਜੋਂ ਰੱਖਿਆ ਗਿਆ। ਮਹਾਨ ਆਜ਼ਾਦੀ ਘੁਲਾਟੀਏ ਦੇ ਭਰਾ ਸ਼ਰਤ ਬੋਸ ਦੀ ਪੋਤੀ ਮਾਧੁਰੀ ਬੋਸ ਨੇ ਇਹ ਜਾਣਕਾਰੀ ਦਿੱਤੀ। –-ਏਜੰਸੀ