ਮੁੱਖ ਅੰਸ਼
- ਜਪਾਨੀ ਮੰਦਰ ਦੇ ਪੁਜਾਰੀ ਨੇ ਚਿੱਠੀ ਲਿਖ ਕੇ ਦਿੱਤੀ ਸੀ ਜਾਂਚ ਦੀ ਇਜਾਜ਼ਤ ਕਮਿਸ਼ਨ ਨੇ ਮੰਦਰ ਤੋਂ ਕੋਈ ਜਵਾਬ ਨਾ ਮਿਲਣ ਦਾ ਕੀਤਾ ਸੀ ਦਾਅਵਾ
- ਜਪਾਨੀ ’ਚ ਲਿਖੀ ਚਿੱਠੀ ਦੇ ਨਵੇਂ ਅਨੁਵਾਦ ਤੋਂ ਹੋਇਆ ਖ਼ੁਲਾਸਾ
ਕੋਲਕਾਤਾ, 23 ਜਨਵਰੀ
ਜਪਾਨ ਦੀ ਰਾਜਧਾਨੀ ਟੋਕੀਓ ਸਥਿਤ ਰੇਨਕੋਜੀ ਮੰਦਰ ਦੇ ਮੁੱਖ ਪੁਜਾਰੀ ਵੱਲੋਂ ਜਪਾਨੀ ਭਾਸ਼ਾ ’ਚ ਲਿਖੀ ਗਈ ਇਕ ਚਿੱਠੀ ਦੇ ਨਵੇਂ ਅਨੁਵਾਦ ਤੋਂ ਪਤਾ ਲੱਗਾ ਹੈ ਕਿ ਮੰਦਰ ਨੇ ਭਾਰਤੀ ਅਧਿਕਾਰੀਆਂ ਨੂੰ ਉਨ੍ਹਾਂ ਅਸਥੀਆਂ ਦੇ ਡੀਐੱਨਏ ਜਾਂਚ ਦੀ ਇਜਾਜ਼ਤ ਦਿੱਤੀ ਸੀ, ਜੋ ਨੇਤਾਜੀ ਸੁਭਾਸ਼ ਚੰਦਰ ਬੋਸ ਦੀਆਂ ਦੱਸੀਆਂ ਜਾਂਦੀਆਂ ਹਨ।
ਚਿੱਠੀ ਦਾ ਨਵਾਂ ਅਨੁਵਾਦ ਉਸ ਦਾਅਵੇ ਨੂੰ ਖਾਰਜ ਕਰਦਾ ਹੈ ਕਿ ਮੰਦਰ ਇਸ ਮਾਮਲੇ ’ਚ ਖਾਮੋਸ਼ ਰਿਹਾ ਜਿਸ ਨਾਲ ਜਸਟਿਸ ਐੱਮ ਕੇ ਮੁਖਰਜੀ ਕਮਿਸ਼ਨ ਦੀ ਜਾਂਚ ਤੋਂ ਬਾਅਦ ਉਸ ਦੇ ਸਿੱਟਿਆਂ ’ਤੇ ਸ਼ੱਕ ਪੈਦਾ ਕਰ ਦਿੱਤਾ ਹੈ ਕਿ ਇਹ ਅਸਥੀਆਂ ਨੇਤਜੀ ਦੀਆਂ ਨਹੀਂ ਸਨ।
ਭਾਰਤ ਸਰਕਾਰ ਨੂੰ 2005 ’ਚ ਟੋਕੀਓ ਦੇ ਮੁੱਖ ਪੁਜਾਰੀ ਵੱਲੋਂ ਜਪਾਨੀ ਭਾਸ਼ਾ ’ਚ ਲਿਖੇ ਗਏ ਪੱਤਰ ਦੇ ਨਵੇਂ ਅਨੁਵਾਦ ਤੋਂ ਖ਼ੁਲਾਸਾ ਹੋਇਆ ਹੈ ਕਿ ਜਸਟਿਸ ਮੁਖਰਜੀ ਕਮਿਸ਼ਨ ਨੂੰ ਇਨ੍ਹਾਂ ਅਸਥੀਆਂ ਦੀ ਡੀਐੱਨਏ ਜਾਂਚ ਦੀ ਇਜਾਜ਼ਤ ਮਿਲੀ ਸੀ। ਕੋਈ ਕਾਰਨ ਦੱਸੇ ਬਿਨਾਂ ਚਿੱਠੀ ਦੇ ਇਸ ਹਿੱਸੇ ਦਾ ਅਨੁਵਾਦ ਨਹੀਂ ਕੀਤਾ ਗਿਆ ਸੀ ਅਤੇ ਬੋਸ ਦੇ ਲਾਪਤਾ ਹੋਣ ਬਾਰੇ ਜਸਟਿਸ ਮੁਖਰਜੀ ਕਮਿਸ਼ਨ ਦੀ ਰਿਪੋਰਟ ਨਾਲ ਸਬੂਤ ਵਜੋਂ ਇਕ ਅੰਗਰੇਜ਼ੀ ਦਾ ਨੋਟ ਵੀ ਨੱਥੀ ਕੀਤਾ ਗਿਆ ਸੀ ਜਿਸ ’ਚ ਲਿਖਿਆ ਸੀ,‘‘ਮੰਦਰ ਦੇ ਅਧਿਕਾਰੀਆਂ ਦੇ ਖਾਮੋਸ਼ ਰਹਿਣ ਕਾਰਨ ਕਮਿਸ਼ਨ ਅੱਗੇ ਨਹੀਂ ਵਧ ਸਕਿਆ।’’ -ਪੀਟੀਆਈ
ਨੇਤਾਜੀ ਮਹਾਨ ਕੌਮੀ ਨਾਇਕ: ਰਾਜਨਾਥ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਥੇ ਇੰਡੀਆ ਗੇਟ ’ਤੇ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦੇ ਹੋਲੋਗ੍ਰਾਮ ਬੁੱਤ ਦਾ ਉਦਘਾਟਨ ਕਰਨ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਮਹਾਨ ਕੌਮੀ ਨਾਇਕ ਹਨ ਤੇ ਉਨ੍ਹਾਂ ਦਾ ਸਨਮਾਨ ਕਰਨਾ ਸਾਰੇ ਭਾਰਤੀਆਂ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ। ਉਨ੍ਹਾਂ ਟਵੀਟ ਕੀਤਾ,‘ਅੱਜ ਇੱਕ ਇਤਿਹਾਸਕ ਦਿਨ ਹੈ। ਨੇਤਾਜੀ ਜਿਹੇ ਮਹਾਨ ਕੌਮੀ ਨਾਇਕ ਦਾ ਸਨਮਾਨ ਕਰਨਾ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਨੂੰ ਦਿਲੋਂ ਮੁਬਾਰਕਬਾਦ।’ -ਪੀਟੀਆਈ