ਨਵੀਂ ਦਿੱਲੀ: ਕਾਂਗਰਸ ਨੇ ਅੱਜ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਕੀਤੇ ਗਏ ਵਾਅਦੇ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਇਕ ਕਮੇਟੀ ਜਲਦੀ ਕਾਇਮ ਕੀਤੀ ਜਾਵੇ। ਕਾਂਗਰਸ ਨੇ ਦੇਸ਼ ਵਿੱਚ ਚੱਲ ਰਹੇ ਅਨਾਜ ਸੰਕਟ ਬਾਰੇ ਇਕ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਪਾਰਟੀ ਵੱਲੋਂ ਕਿਸਾਨਾਂ ਦੇ ’ਵਿਸ਼ਵਾਸਘਾਤ ਸੈਮੀਨਾਰਾਂ’ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ।ਕਾਂਗਰਸੀ ਆਗੂ ਦੀਪੇਂਦਰ ਸਿੰਘ ਹੁੱਡਾ ਨੇ ਦਾਅਵਾ ਕੀਤਾ, ‘‘ਭਾਰਤ ਵਿੱਚ ਅਨਾਜ ਭੰਡਾਰ ਪਿਛਲੇ 15 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਪ੍ਰਤੀ ਵਿਅਕਤੀ ਅਨਾਜ ਪਿਛਲੇ 50 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਇਹ ਇਸ ਵਾਸਤੇ ਹੋਇਆ ਕਿਉਂਕਿ ਸਰਕਾਰ ਨੇ ਭਾਜਪਾ ਦੇ ਰਾਜ ਵਾਲੇ ਉੱਤਰ ਪ੍ਰਦੇਸ਼ ਤੇ ਗੁਜਰਾਤ ਸਣੇ 10 ਸੂਬਿਆਂ ਨੂੰ ਕਣਕ ਦੀ ਵੰਡ ਘਟਾ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦਾ ਇਰਾਦਾ ਕਿਸਾਨਾਂ ਦੀ ਕੀਮਤ ’ਤੇ ਆਪਣੇ ਕੁਝ ਖ਼ਾਸ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦਾ ਹੈ। -ਪੀਟੀਆਈ