ਨਵੀਂ ਦਿੱਲੀ, 22 ਅਗਸਤ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਦੋਸ਼ ਲਾਇਆ ਕਿ ਕੇਂਦਰ ਸਰਕਾਰ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕਮੇਟੀ ਨਹੀਂ ਬਣਾਉਣਾ ਚਾਹੁੰਦੀ ਅਤੇ ਉਹ ਇਸ ਮਸਲੇ ਉੱਤੇ ਦੇਸ਼ ਨੂੰ ਹਨੇਰੇ ਵਿੱਚ ਰੱਖ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਆਪਣੇ ‘ਕਾਰਪੋਰੇਟ ਦੋਸਤਾਂ’ ਦੀ ਮਦਦ ਲਈ ਐੱਮਐੱਸਪੀ ’ਤੇ ਕਾਨੂੰਨ ਨਾ ਬਣਾਉਣ ਦਾ ਦੋਸ਼ ਵੀ ਲਾਇਆ, ਜੋ ਕਿਸਾਨਾਂ ਤੋਂ ਘੱਟ ਕੀਮਤ ’ਤੇ ਫ਼ਸਲ ਖ਼ਰੀਦ ਲੈਂਦੇ ਹਨ ਅਤੇ ਫਿਰ ਵੱਧ ਕੀਮਤ ਉੱਤੇ ਵੇਚ ਦਿੰਦੇ ਹਨ। ਟਿਕੈਤ ਨੇ ਕਿਹਾ, ‘‘ਕਿਸਾਨਾਂ ਦੀਆਂ ਹੋਰ ਮੰਗਾਂ ਵਿੱਚ ਫ਼ਸਲਾਂ ’ਤੇ ਐੱਮਐੱਸਪੀ ਦੀ ਗਾਰੰਟੀ ਦੇਣ ਦਾ ਮੁੱਦਾ ਵੀ ਸੀ। ਸਰਕਾਰ ਨੇ ਇਹ ਕਹਿ ਕੇ ਦੇਸ਼ ਨੂੰ ਲੰਮੇ ਸਮੇਂ ਤੱਕ ਹਨੇਰੇ ਵਿੱਚ ਰੱਖਿਆ ਕਿ ਉਹ ਇੱਕ ਕਮੇਟੀ ਬਣਾ ਰਹੇ ਹਨ, ਪਰ ਸੰਯੁਕਤ ਕਿਸਾਨ ਮੋਰਚਾ (ਪੈਨਲ ਮੈਂਬਰਾਂ ਲਈ) ਨਾਮ ਨਹੀਂ ਦੇ ਰਿਹਾ।’’