ਨਵੀਂ ਦਿੱਲੀ: ਦਿੱਲੀ ਜ਼ੋਨ ਤੋਂ ਮ੍ਰਿਦੁਲ ਅਗਰਵਾਲ ਨੇ ਭਾਰਤੀ ਤਕਨੀਕੀ ਸੰਸਥਾਵਾਂ (ਆਈਆਈਟੀ) ’ਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਜੇਈਈ-ਐਡਵਾਂਸਡ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ। ਮ੍ਰਿਦੁਲ ਅਗਰਵਾਲ ਨੇ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਐਡਵਾਂਸਡ ’ਚ 360 ’ਚੋਂ 348 ਅੰਕ ਹਾਸਲ ਕੀਤੇ ਹਨ। ਮ੍ਰਿਦੁਲ ਅਗਰਵਾਲ ਆਈਆਈਟੀ ਬੰਬਈ ਤੋਂ ਕੰਪਿਊਟਰ ਸਾਇੰਸ ’ਚ ਬੀ.ਟੈੱਕ. ਕਰਨਾ ਚਾਹੁੰਦਾ ਹੈ। ਰਾਜਸਥਾਨ ਨਾਲ ਸਬੰਧਤ ਮ੍ਰਿਦੁਲ ਇਸ ਸਾਲ ਜੇਈਈ ਮੇਨ ਦੀ ਪ੍ਰੀਖਿਆ ’ਚੋਂ ਸੌ ਫੀਸਦ ਅੰਕ ਹਾਸਲ ਕਰਕੇ ਸਿਖਰਲੇ 17 ਵਿਦਿਆਰਥੀਆਂ ’ਚ ਸ਼ਾਮਲ ਸੀ। ਦਿੱਲੀ ਜ਼ੋਨ ਤੋਂ ਕਾਵਿਆ ਚੋਪੜਾ ਜੋ ਕਿ ਜੇਈਈ ਮੇਨ ’ਚ ਅੱਵਲ ਆਉਣ ਵਾਲੀ ਪਹਿਲੀ ਲੜਕੀ ਸੀ, ਨੇ ਜੇਈਈ ਐਡਵਾਂਸਡ ’ਚ ਵੀ ਲੜਕੀਆਂ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ 360 ’ਚੋਂ 286 ਅੰਕ ਹਾਸਲ ਕਰਕੇ ਦੇਸ਼ ਭਰ ’ਚੋਂ 98ਵਾਂ ਰੈਂਕ ਹਾਸਲ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ 41,862 ਉਮੀਦਵਾਰਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਜਿਨ੍ਹਾਂ ’ਚੋਂ 6452 ਲੜਕੀਆਂ ਹਨ। -ਪੀਟੀਆਈ