ਨਵੀਂ ਦਿੱਲੀ, 10 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੇ ਹਮਲਾਵਰ ਰੁਖ਼ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਅੱਜ ਕਿਹਾ ਕਿ ਸਰਗਰਮੀਆਂ ’ਚ ਸੰਜਮ ਵਰਤਣ ਅਤੇ ਹਾਲਾਤ ਨੂੰ ਹੋਰ ਗੁੰਝਲਦਾਰ ਬਣਾਉਣ ਵਾਲੀ ਕਿਸੇ ਵੀ ਕਾਰਵਾਈ ਤੋਂ ਬਚਣ ਨਾਲ ਖ਼ਿੱਤੇ ’ਚ ਸਥਾਈ ਸ਼ਾਂਤੀ ਬਣਾਈ ਰੱਖਣ ’ਚ ਸਹਾਇਤਾ ਮਿਲ ਸਕਦੀ ਹੈ। ਉਨ੍ਹਾਂ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲੱਦਾਖ ’ਚ ਸੱਤ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਉਹ ਆਸੀਆਨ ਦੇ ਰੱਖਿਆ ਮੰਤਰੀਆਂ ਦੀ ਆਨਲਾਈਨ ਬੈਠਕ ‘ਏਡੀਐੱਮਐੱਮ-ਪਲੱਸ’ ਨੂੰ ਸੰਬੋਧਨ ਕਰ ਰਹੇ ਸਨ। ਇਹ ਭਾਰਤ ਅਤੇ ਚੀਨ ਸਮੇਤ ਅੱਠ ਆਸੀਆਨ ਮੁਲਕਾਂ ਦਾ ਮੰਚ ਹੈ। ਅਧਿਕਾਰੀਆਂ ਨੇ ਕਿਹਾ ਕਿ ਬੈਠਕ ’ਚ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗਹੀ ਨੇ ਵੀ ਸ਼ਿਰਕਤ ਕੀਤੀ।
ਰਾਜਨਾਥ ਸਿੰਘ ਨੇ ‘ਮੌਜੂਦਾ ਖੇਤਰੀ ਮਾਹੌਲ ਅਤੇ ਦਿਖਾਈ ਜਾਣ ਵਾਲੀ ਤਲਖ਼ੀ’ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਏਸ਼ੀਆ ’ਚ ਬਹੁਲਵਾਦ ਤੇ ਸਹਿਯੋਗ ਵਾਲੇ ਸੁਰੱਖਿਆ ਪ੍ਰਬੰਧ ਲਈ ਵਾਰਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ’ਚ ਆਸੀਆਨ ਦੀ ਅਗਵਾਈ ਹੇਠਲੇ ਮੰਚਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਰੱਖਿਆ ਮੰਤਰੀ ਨੇ ਕਿਹਾ ਕਿ ਆਜ਼ਾਦੀ, ਖੁੱਲ੍ਹਾਪਣ ਅਤੇ ਮਿਲ ਕੇ ਚੱਲਣ ਦੇ ਸਿਧਾਂਤਾਂ ਦੇ ਆਧਾਰ ’ਤੇ ਚੁਣੌਤੀਆਂ ਨਾਲ ਸਿੱਝਣ ਦੀ ਸਮਰੱਥਾ, ਖ਼ਿੱਤੇ ਦਾ ਭਵਿੱਖ ਤੈਅ ਕਰੇਗੀ। -ਪੀਟੀਆਈ