ਨਵੀਂ ਦਿੱਲੀ, 19 ਜੂਨ
ਭਾਰਤੀ ਅਥਲੀਟ ਤੇ ‘ਉਡਣੇ ਸਿੱਖ’ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਦੀ ਬੀਤੀ ਰਾਤ ਹੋਈ ਮੌਤ ਮਗਰੋਂ ਖੇਡ ਸੰਸਾਰ ਸੋਗ ਵਿੱਚ ਡੁੱਬ ਗਿਆ ਹੈ। ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਤੋਂ ਲੈ ਕੇ ਦੌੜਾਕ ਪੀਟੀ ਊਸ਼ਾ ਤੱਕ ਸਾਰੇ ਖਿਡਾਰੀ ਅਤੇ ਅਥਲੀਟ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦੇ ਰਹੇ ਹਨ। ਪੀਟੀ ਊਸ਼ਾ ਨੇ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ‘‘ਮੇਰੇ ਆਦਰਸ਼ ਮਿਲਖਾ ਸਿੰਘ ਦੇ ਦੇਹਾਂਤ ਤੋਂ ਬਾਅਦ ਦੁੱਖਾਂ ਦੇ ਕਾਲੇ ਬੱਦਲ ਛਾ ਗਏ ਹਨ। ਉਨ੍ਹਾਂ ਦੀ ਜੁਝਾਰੂਪਨ ਅਤੇ ਸਖ਼ਤ ਮਿਹਨਤ ਦੀ ਕਹਾਣੀ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਆ ਅਤੇ ਅੱਗੇ ਵੀ ਇਸੇ ਤਰ੍ਹਾਂ ਪ੍ਰੇਰਦੀ ਰਹੇਗੀ।’’ ਸੌਰਵ ਗਾਂਗੁਲੀ ਨੇ ਕਿਹਾ, ‘‘ਇਹ ਖ਼ਬਰ ਸੁਣ ਕੇ ਬਹੁਤ ਧੱਕਾ ਲੱਗਾ ਹੈ। ਭਾਰਤ ਦੇ ਮਹਾਨ ਅਥਲੀਟਾਂ ’ਚੋਂ ਇੱਕ ਮਿਲਖਾ ਸਿੰਘ ਨੇ ਕਈ ਭਾਰਤੀਆਂ ਨੂੰ ਅਥਲੀਟ ਬਣਨ ਦੇ ਸੁਫ਼ਨੇ ਦਿਖਾਏ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’’ ਮੁੱਕੇਬਾਜ਼ ਮੈਰੀਕੌਮ ਨੇ ਕਿਹਾ, ‘‘ਸਾਡੇ ਰਾਸ਼ਟਰੀ ਨਾਇਕ ਅਤੇ ਯੁੱਗਪੁਰਸ਼ ਮਿਲਖਾ ਸਿੰਘ ਦੇ ਦੇਹਾਂਤ ਕਾਰਨ ਕਾਫੀ ਦੁਖੀ ਹਾਂ।’’ ਗੋਲਫਰ ਸ਼ੁਭਾਂਕਰ ਸ਼ਰਮਾ ਨੇ ਲਿਖਿਆ, ‘‘ਮਿਲਖਾ ਅੰਕਲ ਨਹੀਂ ਰਹੇ। ਵਿਸ਼ਵਾਸ ਨਹੀਂ ਹੋ ਰਿਹਾ। ਚੰਡੀਗੜ੍ਹ ਹੁਣ ਪਹਿਲਾਂ ਵਰਗਾ ਨਹੀਂ ਰਹੇਗਾ। ਆਪਣੇ ਜੀਵਨ ਦੇ ਕਈ ਮੋੜਾਂ ’ਤੇ ਉਨ੍ਹਾਂ ਨੂੰ ਮਿਲਣ ਅਤੇ ਪ੍ਰੇਰਨਾ ਲੈਣ ਦਾ ਮੌਕਾ ਮਿਲਿਆ। ਹਰ ਵਾਰ ਉਨ੍ਹਾਂ ਤੋਂ ਕੁਝ ਨਵਾਂ ਸਿੱਖਣ ਨੂੰ ਮਿਲਿਆ। ਉਨ੍ਹਾਂ ਦੀ ਸ਼ਖ਼ਸੀਅਤ ਹੀ ਅਜਿਹੀ ਸੀ।’ ਇਸੇ ਤਰ੍ਹਾਂ ਭਾਰਤੀ ਕ੍ਰਿਕਟਰ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਵਰਿੰਦਰ ਸਹਿਵਾਗ, ਸ਼ਿਖਰ ਧਵਨ, ਯੁਵਰਾਜ ਸਿੰਘ ਅਤੇ ਸਨੂਕਰ ਖਿਡਾਰੀ ਪੰਕਜ ਅਡਵਾਨੀ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ
ਮਿਲਖਾ ਸਿੰਘ ਦਾ ਸੁਫਨਾ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ: ਹਿਮਾ ਦਾਸ
ਅਥਲੀਟ ਹਿਮਾ ਦਾਸ ਨੇ ‘ਉਡਣੇ ਸਿੱਖ’ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਵਿਸ਼ਵ ਚੈਂਪੀਅਨਸ਼ਿਪ ਅੰਡਰ-20 ਖਿਤਾਬ ਅਤੇ ਏਸ਼ਿਆਈ ਖੇਡਾਂ ਵਿੱਚ ਤਗਮੇ ਜਿੱਤਣ ਤੋਂ ਬਾਅਦ ਮੈਨੂੰ ਮਿਲਖਾ ਸਰ ਨੇ ਫੋਨ ਕੀਤਾ। ਉਨ੍ਹਾਂ ਨੇ ਕਿਹਾ ਸੀ ਕਿ ਹਿਮਾ ਮਿਹਨਤ ਕਰਦੇ ਰਹੋ, ਤੁਹਾਡੇ ਕੋਲ ਸਮਾਂ ਹੈ ਅਤੇ ਤੁਸੀਂ ਵਿਸ਼ਵ ਪੱਧਰ ’ਤੇ ਭਾਰਤ ਲਈ ਤਗਮਾ ਜਿੱਤ ਸਕਦੇ ਹੋ। ਤੁਹਾਡਾ ਸੁਫ਼ਨਾ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ ਸਰ।’’